ਪੀੜ੍ਹਤ ਮਾਤਾ ਨੇ 22ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਕਮਿਸ਼ਨ ਨੇ ਨਵੀਂ 'ਸਿੱਟ" ਬਣਾ ਕੇ 20 ਦਿਨਾਂ 'ਚ ਕਾਰਵਾਈ ਦੇ ਹੁਕਮ
ਜਗਰਾਉਂ 20 ਅਪ੍ਰੈਲ (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ ) ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦਰਮਿਆਨ ਵੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ 20ਵੇਂ ਦਿਨ ਭੁੱਖ ਹੜਤਾਲ ਰੱਖੀ। ਧਰਨੇ ਵਿੱਚ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਆਗੂ ਗੁਰਚਰਨ ਸਿੰਘ ਰਸੂਲਪੁਰ , ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੰਡਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਆਗੂ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ। ਇਨਸਾਫ਼ ਲਈ ਜੱਦੋ ਜ਼ਹਿਦ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਮਨੋਹਰ ਸਿੰਘ ਝੋਰੜਾਂ ਨੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਨਿਰਪੱਖ ਪ੍ਰਸਾਸ਼ਨ ਦੇਣ ਦਾ ਵਾਅਦਾ ਕਰਨ ਵਾਲੀ 'ਆਪ' ਸਰਕਾਰ ਦੇ ਮੁਖੀ ਨੇ ਵੀ ਅਜੇ ਤਕ ਪੀੜ੍ਹਤ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਕੀਤਾ ਜਦ ਕਿ ਭੁੱਖ ਹੜਤਾਲ ਤੇ ਬੈਠੀ ਪੀੜ੍ਹਤ ਮਾਤਾ ਆਪਣੇ ਖੂਨ ਨਾਲ ਪੱਤਰ ਲਿਖ ਕੇ 'ਭਗਵੰਤ ਮਾਨ' ਨੂੰ ਭੇਜ ਚੁੱਕੀ ਹੈ। ਇਹ ਪੱਤਰ ਹਲਕਾ ਵਿਧਾਇਕ ਵਲੋਂ ਭਗਵੰਤ ਮਾਨ ਨੂੰ ਸੌਂਪਿਆ ਵੀ ਜਾ ਚੁੱਕਿਆ ਹੈ ਪਰ ਪਰਿਵਾਰ ਅਜੇ ਵੀ ਇਨਸਾਫ਼ ਤੋਂ ਵਿਰਵਾ ਹੈ। ਇਸੇ ਦਰਮਿਆਨ ਕੁੱਝ ਦਿਨ ਪਹਿਲਾਂ ਸੂ-ਮੋਟੋ ਲੈਂਦੇ ਹੋਏ ਧਰਨੇ ਵਿੱਚ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਰਜ ਮਾਮਲੇ ਦੀ ਤਫਤੀਸ਼ ਲਈ ਨਵੀਂ 'ਸਿੱਟ' ਬਣਾ ਕੇ 20 ਦਿਨਾਂ 'ਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਦੇ ਦਾਅਵੇ ਨਾਲ ਅਸਹਿਮਤ ਹੁੰਦਿਆਂ ਏ.ਡੀ.ਸੀ. ਜਗਰਾਉਂ ਦੀ ਨਿਗਰਾਨੀ ਹੇਠ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਟੀਮ ਬਣਾ ਕੇ ਤਫਤੀਸ਼ ਕਰਵਾਉਣ ਦੇ ਹੁਕਮ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੂੰ ਦਿੱਤੇ ਹਨ। ਰਸੂਲਪੁਰ ਅਨੁਸਾਰ ਤੱਤਕਾਲੀ ਅੈਸ.ਅੈਸ.ਪੀ. ਨੇ ਉਸ ਦੇ ਹਵਾਲੇ ਵਿੱਚ ਇਕ ਪੱਤਰ ਡੀ.ਜੀ.ਪੀ. ਨੂੰ ਲਿਖਦਿੰਆਂ ਤਫਤੀਸ ਬਿਉਰੋ ਆਫ ਇੰਵੈਸਟੀਗੇਸ਼ਨ ਤੋਂ ਕਰਵਾਉਣ ਲਈ ਫਾਈਲ ਚੰਡੀਗੜ੍ਹ ਭੇਜ ਦਿੱਤੀ ਸੀ ਜਦ ਕਿ ਉਸ ਨੇ ਕੋਈ ਪੱਤਰ ਜਿਲ੍ਹਾ ਪੁਲਿਸ ਨੂੰ ਨਹੀਂ ਦਿੱਤਾ ਸੀ। ਕਮਿਸ਼ਨ ਨੇ ਸਚਾਈ ਦੀ ਤਹਿ ਤੱਕ ਜਾਣ ਲਈ 20 ਮਈ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ਼ ਦੇ ਆਗੂ ਮਦਨ ਸਿੰਘ ਜਗਰਾਉਂ, ਜੱਥੇਦਾਰ ਚੜਤ ਸਿੰਘ ਗਗੜਾ ਕੱਲੂ ਸਿੰਘ ਅਵਤਾਰ ਸਿੰਘ ਠੇਕੇਦਾਰ ਮਹਿੰਦਰ ਸਿੰਘ ਬੀਏ ਰਾਮਤੀਰਥ ਸਿੰਘ ਲੀਲਾ ਕੁਲਦੀਪ ਸਿੰਘ ਚੌਹਾਨ ਆਦਿ ਹਾਜ਼ਰ ਸਨ।