You are here

*ਢਾਈ ਮਹੀਨੇ ਬਾਅਦ ਸ਼ੁਰੂ ਹੋਣੀ ਵਾਲੀ ਬਿਜਲੀ ਸਹੂਲਤ 'ਤੇ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਅੱਜ ਹੀ ਕਿਉਂ?*

*ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮਨਪ੍ਰੀਤ ਬਾਦਲ ਵਾਂਗੂ ਚੁੱਪ,ਮਾਨ ਵੱਲੋਂ ਧੜਾਧੜ ਐਲਾਨ*

 

ਬਰਨਾਲਾ /ਮਹਿਲ ਕਲਾਂ - 18 ਅਪ੍ਰੈਲ- (ਗੁਰਸੇਵਕ ਸਿੰਘ ਸੋਹੀ ) -ਲੰਘੀਆਂ ਚੋਣਾਂ 'ਚ ਪੰਜਾਬ ਦੀ ਸੱਤਾ ਹਥਿਆਉਣ ਲਈ ਜਿੱਥੇ ਤਰ੍ਹਾਂ ਤਰ੍ਹਾਂ ਦੇ ਐਲਾਨ ਹੋ ਰਹੇ ਸਨ , ਉੱਥੇ ਵਾਅਦਿਆਂ, ਦਾਅਵਿਆਂ ਤੇ ਗਾਰੰਟੀਆਂ ਦਾ ਰੁਝਾਨ ਸਿਖਰ ਤੇ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸਾਬਕਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ, ਉਥੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਵਾਅਦਿਆਂ ਨੂੰ ਗਾਰੰਟੀਆਂ ਦਾ ਰੂਪ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਂਦੇ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ ਗਰੰਟੀਆਂ ਦੇ ਰੂਪ ਵਿਚ ਚੋਣ ਵਾਅਦੇ ਕਰ ਜਾਦੇ। ਹੁਣ ਜਦੋਂ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਨਾਲ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚਲਾ ਰਹੀ ਹੈ, ਤੇ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ। ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਬੜਤੋੜ ਐਲਾਨ ਕੀਤੇ ਜਾਣ ਲੱਗੇ, ਜੋ ਨਿਰੰਤਰ ਜਾਰੀ ਹਨ।  ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਸੁਰੱਖਿਆ ਚ ਸ਼ਾਮਲ ਕਰਮੀ ਵਾਪਸ ਲੈਣਾ   ਵੀ ਸਿਆਸੀ ਸਿਆਸੀ ਸਟੰਟ ਸੀ, ਕਿਉਂਕਿ ਸਰਕਾਰੀ ਕਾਨੂੰਨਾਂ ਮੁਤਾਬਕ ਉਹ ਆਪਣੇ ਆਪ ਵਾਪਸ ਆ ਜਾਣੇ ਸਨ ਤੇ ਨਵੇਂ ਮੰਤਰੀਆਂ ਨਾਲ ਸੁਰੱਖਿਆ ਵਿੱਚ ਜੁੜ ਜਾਣੇ ਸੀ। 36 ਹਜਾਰ ਨੌਕਰੀਆਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੈ ਜੈ ਕਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਬੇਰੁਜ਼ਗਾਰ ਊਠ ਦੇ ਬੁੱਲ੍ਹ ਵਾਂਗ ਹੁਣ ਵੀ ਥੱਲੇ ਨੀਝ ਲਾ ਕੇ ਦੇਖ ਰਹੇ ਹਨ ਕਿ ਕਦੋਂ ਡਿੱਗੇਗਾ ਤੇ ਕਦੋਂ ਨੌਕਰੀਆਂ ਮਿਲਣਗੀਆਂ। ਬੇਰੁਜ਼ਗਾਰ ਅੱਜ ਵੀ ਕੰਧਾਂ ਵਿੱਚ ਟੱਕਰਾਂ ਮਾਰਦੇ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਕੇਂਦਰ ਦੀ ਮੋਦੀ ਸਰਕਾਰ ਦੇ ਜੁਮਲਿਆਂ ਵਾਂਗ ਪੰਜਾਬ ਅੰਦਰ ਆਪ ਵੱਲੋਂ ਜੁਲਮਾਬਾਜੀ ਜੋਰਾਂ ਸੋਰਾਂ ਨਾਲ ਕੀਤੀ ਜਾ ਰਹੀ ਹੈ। ਇਕ ਵਿਧਾਇਕ ਇੱਕ ਪੈਨਸ਼ਨ ਦਾ ਐਲਾਨ ਹੁੰਦਿਆਂ ਹੀ ਜਿਵੇਂ ਪੰਜਾਬੀਆਂ ਨੂੰ ਕੋਈ ਜਾਦੂ ਦੀ ਛੜੀ ਮਿਲ ਗਈ ਹੋਵੇ। ਪੰਜਾਬ ਦੇ ਭਗਵੰਤ ਮਾਨ ਨੂੰ ਚਾਹੁਣ ਵਾਲੇ ਲੋਕਾਂ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ। ਇਹ ਐਲਾਨ ਵੀ ਅਜੇ ਕਾਗਜ਼ਾਂ ਵਿੱਚ ਹੀ ਲਟਕ ਰਿਹਾ ਹੈ। 16 ਅਪਰੈਲ ਨੂੰ ਭਗਵੰਤ ਮਾਨ ਵੱਲੋਂ ਸਸਤੀ ਬਿਜਲੀ ਨੂੰ ਲੈ ਕੇ ਕੀਤੇ ਐਲਾਨ ਨੂੰ ਦੇਸ਼ ਦੇ ਹਰ ਭਾਸ਼ਾਈ ਅਖ਼ਬਾਰਾਂ ਵਿੱਚ ਪਹਿਲੇ ਪੰਨੇ ਦੇ ਇਸ਼ਤਿਹਾਰ ਰੂਪ ਵਿੱਚ ਕਰੋੜਾਂ ਰੁਪਏ ਦੇਕੇ ਪ੍ਰਚਾਰਿਆ ਗਿਆ। ਭਾਵੇਂਕਿ ਇਸ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਦੁਚਿੱਤੀ ਵਾਲਾ ਮਾਹੌਲ ਬਣ ਗਿਆ ਹੈ,ਪਰ 1 ਜੁਲਾਈ (ਢਾਈ ਮਹੀਨੇ) ਤੋਂ ਬਾਅਦ ਪੂਰੇ ਹੋਣ ਵਾਲੇ ਐਲਾਨ ਤੇ ਏਨੀ ਇਸਤਿਹਾਰਬਾਜੀ ਅਤੇ ਇਨ੍ਹਾਂ ਪ੍ਰਚਾਰ ਕਿਉਂ। ਪੰਜਾਬ ਦੀ ਸੱਤਾ ਹਥਿਆਉਣ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਆਗੂਆਂ ਤੇ ਜੋ ਪੈਸੇ ਦੀ ਬੇਫਜ਼ੂਲੀ ਤੇ ਦੋਸ਼ ਲਾਏ ਜਾ ਰਹੇ ਸਨ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਲੈ ਕੇ ਕੀਤੇ ਐਲਾਨ,ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਐਲਾਨ,ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਨੂੰ ਲੈ ਕੇ ਕੀਤੇ ਐਲਾਨ,ਰੇਤੇ ਦੀ ਮਾਈਨਿੰਗ ਨੂੰ ਲੈ ਕੇ ਕੀਤੇ ਐਲਾਨ,ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕੀਤੇ ਐਲਾਨ,ਸਿਹਤ ਸਹੂਲਤਾਂ ਲਈ ਕੀਤੇ ਐਲਾਨ ਤੇ ਹੋਰ ਐਲਾਨ ਅੱਜ ਵੀ ਕਾਗਜ਼ਾਂ ਵਿੱਚ ਹੀ ਸੀਮਤ ਹਨ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਾਂਗ ਚੁੱਪ ਚਾਪ ਦਿਖਾਈ ਦੇ ਰਹੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ। 01 ਮਹੀਨਾ ਪੂਰਾ ਹੋਣ ਤੇ ਭਾਵੇਂਕਿ ਲੋਕ ਆਮ ਆਦਮੀ ਪਾਰਟੀ ਨੂੰ ਵਧਾਈ ਵੀ ਦੇ ਰਹੇ ਹਨ, ਪਰ ਆਪ ਸਰਕਾਰ ਦੇ ਅਗਲੇ ਕਾਰਜਕਾਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ,ਸਿਹਤ ਤੇ ਸਿੱਖਿਆ ਸਹੂਲਤਾਂ ਵਿੱਚ ਚੰਗੇ ਸੁਧਾਰ,ਭ੍ਰਿਸ਼ਟਾਚਾਰ ਨੂੰ ਨੱਥ,ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਲੀਹਾਂ ਤੇ ਲਿਆਉਣਾ ਅਤੇ ਆਬਕਾਰੀ ਨੀਤੀ ਚ ਚੰਗੇ ਸੁਧਾਰਾਂ ਦੀ ਲੋੜ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੱਡੀਆਂ ਉਮੀਦਾਂ ਲਾ ਕੇ ਬੈਠੇ ਹਨ, ਹਰ ਬਿਆਨ ਤੇ ਐਲਾਨ ਸੋਚ ਸਮਝ ਕੇ ਕਰਨ ਦੀ ਲੋੜ ਹੈ। ਢਾਈ ਮਹੀਨੇ ਬਾਅਦ ਮਿਲਣ ਵਾਲੀ ਸਰਕਾਰੀ ਸਹੂਲਤ ਤੇ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰਕੇ, ਜਿੱਥੇ ਆਪਣੀ ਸਥਿਤੀ ਹਾਸੋਹੀਣੀ ਬਣਾਈ ਜਾ ਰਹੀ ਹੈ, ਉਥੇ ਪੰਜਾਬ ਦਾ ਵੀ ਆਰਥਿਕ ਦੀਵਾਲਾ ਕੱਢਿਆ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ  ਤੇ ਸਮੁੱਚੀ ਕੈਬਨਿਟ ਨੂੰ ਸੁਹਿਰਦਤਾ ਨਾਲ ਸੋਚਣ ਅਤੇ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਨੂੰ ਚਲਾਉਣ ਦੀ ਲੋੜ ਹੈ।