9ਵੇਂ ਦਿਨ ਭੁੱਖ ਹੜਤਾਲ 'ਤੇ ਬੈਠੀ ਬਿਰਧ ਮਾਤਾ ਨੇ "ਮੁੱਖ ਮੰਤਰੀ" ਦੇ ਨਾਂ "ਖੂਨ" ਨਾਲ ਲਿਖਿਆ ਖਤ ਐੱਮ.ਐੱਲ.ਏ ਨੂੰ ਸੌੰਪਿਆ
ਅੱਜ ਅਨੁਸੂਚਿਤ ਜਾਤੀ ਕਮਿਸ਼ਨ ਵੀ ਪੁੱਜਾ ਧਰਨਾਕਾਰੀਆਂ ਦਾ ਦੁੱਖ ਸੁਣਨ
ਜਗਰਾਉਂ 7 ਅਪ੍ਰੈਲ (ਰਣਜੀਤ ਸਿੱਧਵਾਂ ) : ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਦੇ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਥਾਨਕ ਥਾਣੇ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ ਜਿਥੇ16ਵੇਂ ਦਿਨ ਵੀ ਜਾਰੀ ਰਿਹਾ, ਉਥੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਖਿਲਾਫ਼ 75 ਸਾਲਾ ਪੀੜ੍ਹਤ ਬਿਰਧ ਮਾਤਾ ਭੁੱਖ ਹੜਤਾਲ ਤੇ ਬੈਠੀ ਰਹੀ। ਅੱਜ ਦੇ ਧਰਨੇ ਵਿੱਚ ਪਹੁੰਚੇ ਹਲਕੇ ਦੇ ਐੱਮ.ਐੱਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਜਿੱਥੇ ਪੀੜ੍ਹਤ ਮਾਤਾ ਨੇ ਰੋ-ਰੋ ਕੇ ਆਪਣਾ ਦੁਖੜਾ ਸੁਣਾਇਆ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ, ਉਥੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਖੂਨ ਨਾਲ ਲਿਖਿਆ ਮੰਗ ਪੱਤਰ ਵੀ ਬੀਬੀ ਮਾਣੂੰਕੇ ਸੌਂਪਿਆ ਗਿਆ। ਬੀਬੀ ਮਾਣੂੰਕੇ ਨੇ ਜਲ਼ਦ ਕਾਰਵਾਈ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨਾਲ ਗੱਲਬਾਤ ਦਾ ਵਿਸਵਾਸ਼ ਵੀ ਦਿਵਾਇਆ। ਅੱਜ ਦੇ ਧਰਨੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ-ਚੇਅਰਮੈਨ ਗਿਆਨ ਚੰਦ ਅਤੇ ਮੈਂਬਰ ਕਮਿਸ਼ਨ ਪ੍ਰਭਦਿਆਲ਼ ਨੇ ਪਹੁੰਚ ਕੇ ਧਰਨਾਕਾਰੀਆਂ ਅਤੇ ਪੀੜ੍ਹਤ ਪਰਿਵਾਰ ਦਾ ਦੱਖ ਸੁਣਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਤਲ਼ਬ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਅੱਚਰਵਾਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਜਸਦੇਵ ਸਿੰਘ ਲਲਤੋਂ, ਹਿਉਮਨ ਰਾਈਟਸ ਆਗੂ ਸਤਨਾਮ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ ਤੇ ਮਨਪ੍ਰੀਤ ਕੌਰ ਧਾਲੀਵਾਲ ਨੇ ਐੱਮ.ਐੱਲ.ਏ ਬੀਬੀ ਮਾਣੂੰਕੇ ਅਤੇ ਐਸ.ਸੀ ਕਮਿਸ਼ਨ ਤੋਂ ਇਹ ਦਲ਼ੀਲ ਦਿੰਦਿਆਂ ਕਿ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ਼ ਮੁਕੱਦਮੇ ਦੇ ਦੋਸ਼ੀਆਂ ਨੂੰ ਹੁਣ ਜ਼ਮਾਨਤ ਨਾਂ ਮਿਲਣ ਦੇ ਮੱਦੇਨਜ਼ਰ ਦੋਸ਼ੀ ਡੀ.ਐਸ.ਪੀ, ਐਸ.ਆਈ ਤੇ ਸਰਪੰਚ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ ਹੈ।ਅੱਜ ਦੇ ਧਰਨੇ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਹਲਕਾ ਆਗੂ ਨਿਰਮਲ ਸਿੰਘ ਰਸੂਲਪੁਰ, ਸਾਬਕਾਡੀਟੀਐਫ ਆਗੂ ਮਾਸਟਰ ਮਲਕੀਅਤ ਸਿੰਘ ਜੰਡੀ ਰਸੂਲਪੁਰ, ਯੂਥ ਆਗੂ ਮਨੋਹਰ ਸਿੰਘ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਸਰਵਿੰਦਰ ਸਿੰਘ ਰਤਨ, ਹਰੀ ਰਾਮ, ਬੀਕੇਯੂ ਏਕਤਾ ਡਕੌਂਦਾ ਦੇ ਤਹਿਸੀਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਮਾਣੂੰਕੇ, ਜੱਥੇਦਾਰ ਹਰੀ ਸਿੰਘ ਸਿਵੀਆਂ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਆਦਿ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ਤੇ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ।