ਪੰਜਾਬ ਦੀ ਨਵੀਂ ਸਰਕਾਰ ਅਤੇ ਆਪ ਹੁਦਰੇ ਲੋਕ ✍️ ਪਰਮਿੰਦਰ ਸਿੰਘ ਬਲ

ਲੋਕ ਇਨਸਾਫ਼ ਦੀ ਜਦ ਗੱਲ ਕਰੀਏ ਤਾਂ ਉਸ ਪੱਖੋਂ ਕਈ ਤੱਤ ਵਿਚਾਰਨੇ ਜ਼ਰੂਰੀ ਹੋ ਜਾਂਦੇ ਹਨ । ਸਮਾਜਿਕ ਅਤੇ ਸੱਤਾ ਦੀਆਂ ਤਬਦੀਲੀਆਂ ਆਮ ਚੱਲਦੇ ਸੰਸਾਰ ਵਿੱਚ ਹੁੰਦੀਆਂ ਆਈਆਂ ਹਨ ।ਜਿਨਾਂ ਆਸਰੇ ਸਮਾਜਿਕ ਸੁਧਾਰ ਦਾ ਰੰਗ ਢੰਗ ਨਵੇਂ ਦੌਰ ਅਤੇ ਨਵੀਆਂ ਤਰੱਕੀਆਂ ਨੂੰ ਮਾਨਣਾ ਸ਼ੁਰੂ ਕਰਦਾ ਹੈ । ਪਰ ਇਹ ਤਾਹੀਓ ਸਫਲ ਹੈ ਜੇ ਲੋਕ ਨਵੀਂ ਤਬਦੀਲੀ ਨੂੰ ਨਵੇਂ ਤੌਰ ਤੇ ਗ੍ਰਹਿਣ ਕਰਨ ਅਤੇ ਹੱਕੀ ਹਾਸਲ ਕਬੂਲ ਕਰਨ । ਪੰਜਾਬ ਵਿੱਚ ਜੋ ਜਿੱਤ ਆਮ ਪਾਰਟੀ ਨੂੰ ਹਾਸਲ ਹੋਈ , ਉਸ ਤੋਂ ਇਕ ਨਵੇਂ ਸੁਚੱਜੇ ਪੰਜਾਬ ਸਿਰਜਣ ਦੀ ਆਸ ਦਿਸਦੀ ਹੈ । ਪਰ ਜੋ ਕੁਝ ਦੇਖਣ ਵਿੱਚ ਸ਼ੁਰੂ ਹੋ ਰਿਹਾ ਹੈ ਲੋਕਾਂ ਦੇ ਆਪਣੇ ਚਾਅ ਅਤੇ ਜਿੱਤ ਦਾ ਦਿਖਾਵਾ ਸਿਆਸੀ ਰਹੁ ਰੀਤ , ਪੁਰਾਣੀਆਂ ਰਵਾਇਤੀ ਪਾਰਟੀਆਂ ਵਰਗਾ ਹੀ ਹੈ । ਪੰਜਾਬ ਵਿਧਾਨ ਸਭਾ ਜਿਸ ਨੂੰ ਲੋਕ ਤੰਤਰ ਦਾ ਮੰਦਰ ਮਨ ਕੇ , ਵਿਧਾਨ ਸਭਾ ਲਈ ਚੁਣ ਕੇ ਇਸ ਮੰਦਰ ਵਿੱਚ ਬੈਠ ਕੇ ਇਨਸਾਫ਼ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਜੋ ਸਹੁੰ ਚੁੱਕ ਕੇ ਕਦਮ ਪੁੱਟਣੇ ਸਨ । ਉਸ ਕਲਮ ਬੰਦੀ ਸਹੁੰ ਨੂੰ ਬਦਲ ਕੇ “ ਖਟਕੜ” ਕਲਾਂ ਵਿਖੇ ਤਬਦੀਲ ਕਰਨਾ ਬਿਲਕੁਲ ਸਹੀ ਕਿਵੇਂ ਕਿਹਾ ਜਾ ਸਕਦਾ ਹੈ ? ਸ਼ਹੀਦ ਭਗਤ ਸ਼ਹੀਦ ਭਗਤ ਸਿੰਘ ਸਾਡਾ ਅਤੇ ਦੇਸ਼ ਦਾ ਮਹਾਨ ਸ਼ਹੀਦ ਹੈ । ਜਿਸ ਆਜ਼ਾਦੀ ਅਤੇ ਸੰਵਿਧਾਨ ਨੂੰ ਅਸੀਂ ਮਾਣ ਰਹੇ ਹਾਂ ਉਹ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਸ਼ਹੀਦਾਂ ਦੀ ਦੇਣ ਹੈ । ਸਟੇਟ ਅਸੈਬਲੀਆਂ , ਪਾਰਲੀਮੈਂਟ ( ਇਹ ਸਭ ਗਣ ਤੰਤਰ ਦੇ ਮੰਦਰ) ਕੁਰਬਾਨੀਆਂ ਸਦਕਾ ਹੀ ਹਨ। ਇੱਥੇ ਸਹੁੰ ਚੁੱਕਣ ਤੋਂ ਇਨਕਾਰੀ ਹੋਣਾ , ਕੁਰਬਾਨੀਆਂ ਨੂੰ ਪਿੱਠ ਦੇਣੀ ਹੈ। ਕੀ ਇਹ ਪੰਜਾਬ ਅਸੰਬਲੀ ,ਪਾਰਲੀਮੈਂਟ ਅਤੇ ਭਾਰਤੀ ਸੰਵਿਧਾਨ ਅੱਧੀਨ ਸਹੀ ਹੈ ਜਾਂ ਗਲਤ ? ਜਾਂ ਇਹ ਨਵੀਂ ਪਿਰਤ ਅਤੇ ਜਿੱਤ ਦਾ ਨਵਾਂ ਸ਼ੋਸ਼ਾ ਹੈ , ਜੋ ਲੋਕਾਂ ਨੂੰ ਆਪਣੇ ਇਨਸਾਫ਼ ਅਤੇ ਸੁਧਾਰ ਪੱਖੋਂ ਗੁਮਰਾਹ ਕਰੇਗਾ । ਸਾਡੀ ਪੰਜਾਬੀਆਂ ਤੇ ਸਿੱਖਾਂ ਦੀ ਕਾਫ਼ੀ ਜ਼ਿਆਦਾ ਆਬਾਦੀ ਪੱਛਮੀ ਮੁਲਕਾਂ ਵਿੱਚ ਵੱਸਦੀ ਹੈ । ਉਹਨਾਂ ਮੁਲਕਾਂ ਵਿੱਚ ਹਮੇਸ਼ਾ ਚੋਣਾਂ ਹੁੰਦੀਆਂ ਹਨ , ਪਰੰਤੂ ਕਿਸੇ ਪਾਰਟੀ ਦੀ ਜਿੱਤ ਤੋ ਬਾਅਦ ਇਸ ਤਰਾਂ ਦੀ ਆਪੋ-ਧਾਪੀ , ਜਸ਼ਨ ਨਹੀਂ ਕੀਤੇ ਜਾਂਦੇ । ਇਸ ਤਰਾਂ ਲੋਕਾਂ ਦਾ ਪੈਸਾ ਬਰਬਾਦ ਕਰਨ ਦਾ ਕਿਸੇ , ਵਿਧਾਇਕ ,ਐਮ ਪੀ ਜਾਂ ਸਮੁੱਚੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਹੈ । ਇਹ ਲੋਕ ਤੰਤਰ ਵਿੱਚ ਅਜਿਹਾ ਕਰਨਾ ਸਿਰਫ਼ ਗੈਰ ਵਿਧਾਨਕ ਜਾਂ ਗੈਰ ਕਾਨੂੰਨੀ ਹੀ ਨਹੀਂ ਸਗੋਂ ਉਹਨਾਂ ਲੋਕਾਂ ਨਾਲ ਧੋਖਾ ਗਿਣਿਆ ਜਾਂਦਾ ਹੈ , ਜਿਨਾਂ ਵੋਟ ਪਾ ਕੇ ਵਿਧਾਇਕ ਚੁਣ ਕੇ ਭੇਜੇ ਹਨ। ਉਹੀ ਪਿਛਾਂਹ ਖਿੱਚੂ ਪੁਰਾਣੀਆਂ ਸਮਾਜ ਮਾਰੂ ਆਦਤਾਂ । ਮੈਂ ਅੱਜ ਦੀ ਤਰਾਂ 2016 ਫ਼ਰਵਰੀ ਵਿੱਚ ਪੰਜਾਬ ਵਿੱਚ ਸਾਂ , ਜਦ ਕਾਂਗਰਸ ਆਗੂਆਂ ਨੇ ,ਮੋਗੇ ,ਵਿੱਚ ਰਾਹੁਲ ਗਾਂਧੀ ਦੀ ਕਾਨਫਰੰਸ ਰੈਲੀ ਨੂੰ ਕਾਮਯਾਬ ਬਣਾਉਣ ਹਿਤ , 150 ਏਕੜ ਬੀਜੀ ਹੋਈ ਕਣਕ ਦੇ ਖੇਤ , ਵਾਹ ਕੇ , ਖਾਲੀ ਕਰਵਾ ਕੇ , ਕਾਨਫਰੰਸ ਕੀਤੀ ਸੀ । ਅੱਜ ਆਮ ਪਾਰਟੀ ਉਹੀ ਕੁਝ ਦੁਹਰਾਇਆ ਹੈ , ਅੱਜ ਭੀ ਮੈਂ ਇੱਥੇ ਸਭ ਕੁਝ ਹੁੰਦਾ ਦੇਖ ਕੇ ਹੈਰਾਨ ਹੀ ਨਹੀਂ , ਦਿਲੋਂ ਦੁਖੀ ਹਾਂ । ਖਟਕੜ ਕਲਾਂ ਵਿੱਚ “145” ਏਕੜ ਸਿੱਟੇ ਤੇ ਆਈ ਕਣਕ ਨੂੰ ਵਾਹ , ਤਬਾਹ ਕਰਕੇ “ ਆਪ ਪਾਰਟੀ “ ਅਸੰਬਲੀ ਨੂੰ ਚੰਡੀਗੜ੍ਹੇ ਪਿੱਛੇ ਛੱਡ ਕੇ ਸਹੁੰ ਚੁੱਕ ਸਮਾਗਮ , ਰੈਲੀ ਕਰ ਰਹੀ ਹੈ । ਦੇਸ਼ ਵਿੱਚ ਅੰਤ ਦੀ ਗਰੀਬੀ , ਇਹੀ ਦਾਣੇ ਇਕ ਗਰੀਬ ਦੇ ਪੇਟ ਦੀ ਖੁਰਾਕ ਹੋਣ ਦਾ ਹੱਕ ਹੋ ਸਕਦਾ ਸੀ ! ਇਹ ਕਣਕ ਦੇ ਦਾਣੇ ਗੁਮਰਾਹ ਹੋਏ ਲੋਕਾਂ ਅਤੇ ਚੁਣੇ ਵਿਧਾਇਕਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੇ ਸਾਧਨ ਹੀ ਰਹਿ ਗਏ ਹਨ । “ਕੌਣ  ਆਖੇ  ਰਾਣੀਏ ਅਗਾ ਢੱਕ” , ਅੱਜ ਇਹ ਪੰਜਾਬ ਦੇ ਨਵੇਂ ਰਾਜੇ ਹਨ । ਸੱਤਾ ਅੱਗੇ ਕਿਸ ਦੀ ਓਕ ਟੋਕ ਹੋ ਸਕਦੀ ਹੈ ? ਇਕ ਸਵਾਲ ਹੈ ਚੋਣ ਤਾਂ  , ਫਿਰ ਤੋਂ ਅਦਿਤਿਆਨਾਥ ਯੋਗੀ ਯੂ ਪੀ ਵਿੱਚ ਪਹਿਲਾਂ ਨਾਲ਼ੋਂ ਵਧ ਬਹੁਮਤ ਨਾਲ ਜਿੱਤ ਚੁੱਕੇ ਹਨ , ਕੀ ਉਹ ਭੀ ਅਜਿਹਾ ਸੋਚ ਸਕਦੇ ਹਨ ਕਿ ਮੈਂ (ਯੋਗੀ) ਰਾਮ ਮੰਦਰ ਜਾ ਕਾ ਸਹੁੰ ਚੁੱਕ ਲਵਾਂ ! ਇਹ ਅਸੰਭਵ ਹੈ , ਲੋਕ ਤੰਤਰ ਦੇ ਸੰਵਿਧਾਨ ਦੇ ਵਿਰੁੱਧ ਹੈ । ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ , ਇਹੀ ਕਣਕ ਦੇ ਖੇਤ ਬਚਾਏ ਜਾਂਦੇ ਅਤੇ ਕਰੋੜਾਂ ਰੁਪਏ ਦੀ  ਬਰਬਾਦੀ ਬੱਚਾ ਕੇ , ਭਗਤ ਸਿੰਘ ਦੇ ਦੇਸ਼ ਦੇ ਲੋਕਾਂ ਦੇ ਪੇਟੀਂ ਪੈਦਾ , ਇਕ  ਸ਼ਹੀਦ ਦੇ ਸੁਪਨਿਆਂ ਵੱਲ ਨੂੰ ਰਾਹ ਤੁਰਦਾ । ਪੰਜਾਬ ਦੇ ਲੋਕਾਂ ਨੇ ਬੜੇ ਸਿਆਸੀ ਤੇ ਭਰਿਸ਼ਟਾਚਾਰ ਦੀ ਦਹਾਕਿਆਂ ਦੀ ਤੰਗੀ ਤੋਂ ਬਾਅਦ ਇਕ ਨਵੀਂ  “ਆਮ ਪਾਰਟੀ” ਦੇ ਹੱਥ ਆਪਣੀ ਕਿਸਮਤ ਦਾ ਫੈਸਲਾ ਦਿੱਤਾ ਹੈ । ਇਸ ਨਵੇਂ ਦੌਰ ਵਿੱਚ ਹਰ ਚੰਗੇ ਪਰੀਵਰਤਨ ਲਈ ਉਹ ਤਾਂ ਆਸਵੰਦ ਹੀ ਰਹਿਣਗੇ । ਪਰੰਤੂ ਇਸ ਨਵੇਂ ਰਾਜ ਪ੍ਰਬੰਧ ਨੂੰ ਸ਼ੁਰੂ ਵਿੱਚ ਹੀ ਜੇ “ਪੀੜੀ ਥੱਲੇ ਸੋਟਾ ਫੇਰਨ “ ਵਾਲੀ ਗੱਲ ਕਹੀਏ ਤਾਂ ਸ਼ਾਇਦ ਰਾਜ ਪ੍ਰਬੰਧ ਤੇ ਬੇ- ਵਿਸ਼ਵਾਸੀ ਵਾਲੀ ਗੱਲ ਲੱਗਣ ਲੱਗ ਜਾਂਦੀ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ- psbal46@hotmail.com