ਪਾਣੀ ਕੁਦਰਤ ਦਾ ਅਣਮੋਲ ਤੋਹਫ਼ਾ ਹੈ।,ਮਨੁੱਖੀ ਜੀਵਨ ਪਾਣੀ ‘ਤੇ ਨਿਰਭਰ ਹੈ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਹੈ।
ਪਾਣੀ ਬਿਨਾ ਜੀਵਨ ਅਸੰਭਵ ਹੈ ।ਪਾਣੀ ਅਤੇ ਪ੍ਰਾਣੀ ਦਾ ਅਟੁੱਟ ਰਿਸ਼ਤਾ ਹੈ।ਅੱਜ ਵਰਤਮਾਨ ਸਮੇਂ ਪਾਣੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਮਨੁੱਖ ਇਹ ਵੀ ਭੁੱਲ ਚੁੱਕਾ ਹੈ ਕਿ ਦੁਨੀਆਂ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ।ਇਸ ਤੋਂ ਬਗੈਰ ਜਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸ ਵੱਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗਵਾਉਂਦੇ ਜਾ ਰਹੇ ਹਾਂ। ਪਾਣੀ ਦੀ ਕੁਵਰਤੋ ਕਰ ਰਹੇ ਹਾਂ।ਪਾਣੀ ਦੀ ਫ਼ਜ਼ੂਲ ਵਰਤੋਂ ਨੇ ਪਾਣੀ ਦੀ ਖਪਤ ਘਟਾ ਦਿੱਤੀ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।ਕਹਿੰਦੇ ਹਨ ਕਿ ਜੇਕਰ ਪਾਣੀ ਦੀ ਕੀਮਤ ਪੁੱਛਣੀ ਹੈ ਤਾਂ ਪਿਆਸੇ ਕੋਲੋ ਪੁੱਛੋ ਜੋ ਬੂੰਦ -ਬੂੰਦ ਨੂੰ ਤਰਸ ਰਿਹਾ ਹੈ ਉਸ ਪਿਆਸੀ ਫਸਲ ਨੂੰ ਪੁੱਛੋ ਜੋ ਜੇਠ ਹਾੜ ਦੀ ਧੁੱਪ ਵਿੱਚ ਕਮਲਾ ਚੁੱਕੀ ਹੈ।ਜਦੋ ਮਨੁੱਖ ਆਪਣੀ ਲਾਲਸਾ ਲਈ ਦਿਮਾਗ ਨੂੰ ਵਰਤਦਾ ਹੈ ਤਾਂਹੀਓ ਉਗ ਧਰਤੀ ਉੱਪਰਲੇ ਪਾਣੀ ਨੂੰ ਗੰਧਲ਼ਾ ਕਰ ਦਿੰਦਾ ਹੈ।
ਮਨੁੱਖ ਨਿੱਜੀ ਸਵਾਰਥਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਤੇ ਪਾਣੀ ਪ੍ਰਦੂਸ਼ਿਤ ਵੀ ਹੋਇਆ ਹੈ। ਅੱਜ ਤਾਜ਼ੇ ਤੇ ਸ਼ੁੱਧ ਪਾਣੀ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਫੈਕਟਰੀਆਂ ਤੇ ਸੀਵਰੇਜਾਂ ਨਾਲ ਗੰਧਲਾ ਹੋ ਗਿਆ ਹੈ। ਝੋਨੇ ਦੀ ਫ਼ਸਲ ਤੇ ਪਾਪੂਲਰ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ। ਪਾਣੀ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ।ਸੰਯੁਕਤ ਰਾਸ਼ਟਰ ਨੇ ਆਪਣੇ ਉਦੇਸ਼ ਵਿੱਚ ਕਿਹਾ ਹੈ ਕਿ ਸਿੱਖਿਆ, ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ, ਕੌਮਾਂਤਰੀ ਵਣਜ ਵਪਾਰ ਤੋਂ ਵੀ ਜ਼ਿਆਦਾ ਜ਼ਰੂਰੀ ਪਾਣੀ ਹੈ।ਧਰਤੀ ਦੀ ਸਤਿਹ ‘ਤੇ ਲਗਭਗ 71 ਪ੍ਰਤੀਸ਼ਤ ਭਾਗ ਪਾਣੀ ਹੈ ਧਰਤੀ ਉੱਤੇ ਮੌਜੂਦ ਪਾਣੀ ਦਾ 97.2% ਭਾਗ ਮਹਾਂਸਾਗਰਾਂ ਤੇ ਸਾਗਰਾਂ ਵਿੱਚ ਹੈ, ਤਾਜ਼ਾ ਪਾਣੀ ਸਿਰਫ 2.8% ਹੈ ਜਿਸ ਵਿੱਚੋਂ 2.2% ਜ਼ਮੀਨ ਦੇ ਉੱਪਰ ਤੇ 0.6% ਜ਼ਮੀਨ ਦੇ ਹੇਠਾਂ ਹੈ। ਧਰਤੀ ਉੱਤੇ ਮੌਜੂਦ ਕੁਲ ਪਾਣੀ ਦਾ ਸਿਰਫ 0.01% ਹੀ ਦਰਿਆਵਾਂ ਅਤੇ ਝੀਲਾਂ ਦੇ ਰੂਪ ਵਿੱਚ ਮਿਲਦਾ ਹੈ। ਧਰਤੀ ‘ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿੱਚ ਮਿਲਦਾ ਹੈ। ਇਹ ਪਾਣੀ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ।
ਪਾਣੀ ਤੇ ਸ੍ਰੋਤ ਦਰਿਆ, ਨਦੀਆਂ, ਨਹਿਰਾਂ, ਝੀਲਾਂ ਅਤੇ ਤਲਾਬ ਹਨ।ਜੋ ਕਿ ਅੱਜ ਦੇ ਸਮੇਂ ਵਿੱਚ ਗੰਧਲ਼ੇ ਹੋ ਚੁੱਕੇ ਹਨ। ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਸ ਤਰ੍ਹਾਂ ਹਨ-ਘਰੇਲੂ ਪਾਣੀ (ਸੀਵਰੇਜ) ਕਿਸੇ ਦਰਿਆ, ਨਦੀ ਜਾਂ ਡਰੇਨ ਵਿੱਚ ਮਿਲਾ ਦਿੱਤਾ ਜਾਂਦਾ ਹੈ।ਕਈ ਵਾਰ ਪਾਣੀ ਟੂਟੀ ਵਿੱਚੋਂ ਵਰਤ ਕੇ ਟੂਟੀ ਖੁੱਲ੍ਹੀਂ ਛੱਡ ਦਿੱਤੀ ਜਾਂਦੀ ਹੈ ਕਈ ਵਾਰ ਟੂਟੀ ਵਿੱਚੋਂ ਤੁਪਕਾ —ਤੁਪਕਾ ਡੁੱਲ ਰਿਹਾ ਹੁੰਦਾ ਹੈ।ਜੋ ਅਜਾਈ ਜਾਂਦਾ ਹੈ। ਫਸਲਾਂ ਦੇ ਵੱਧ ਝਾੜ ਲੈਣ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਰਕੇ ਇਹ ਪਾਣੀ ਵਰਖਾ ਦੇ ਪਾਣੀ ਨਾਲ ਮਿਲ ਜਾਂਦਾ ਹੈ ।ਤੇਲ ਸੋਧਕ ਕਾਰਖਾਨਿਆਂ ਵਿੱਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਗ੍ਰਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਦਰਿਆਵਾਂ ਦੇ ਵਿੱਚ ਮੁਰਦੇ ਜਾਂ ਅੱਧਸੜੇ ਮੁਰਦੇ ਪਾਣੀ ਵਿੱਚ ਰੋੜ੍ਹਨ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਾਣੀ ਦੇ ਪ੍ਰਦੂਸ਼ਣ ਕਰਕੇ ਹੀ ਹੈਜਾ, ਟਾਈਫਾਈਡ, ਮਲੇਰੀਆ, ਹੈਪੇਟਾਈਟਸ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧ ਗਈਆਂ ਹਨ ਅਤੇ ਲਗਾਤਾਰ ਲੋਕ ਮੌਤ ਦੇ ਮੂੰਹ ਵਿਚ ਚਲੇ ਜਾ ਰਹੇ ਹਨ। ਅੰਤੜੀਆਂ ਤੇ ਪੇਟ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ।
ਹਰ ਸਾਲ ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਦੋਸਤੋਂ ਏਸ਼ਿਆਈ ਵਿਕਾਸ ਬੈਂਕ (ADB )ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਅੱਧਾ ਰਹਿ ਜਾਵੇਗਾ। ਯੂਐਸਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ।ਪਾਣੀ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਪਾਣੀ ਦੇ ਲਾਭ ਹਨ-ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ।ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ ਪਾਣੀ ਨਵੇਂ ਸੈਲ ਤਿਆਰ ਕਰਨ ਵਿੱਚ ਸਹਾਈ ਹੈ।ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ।ਪਾਣੀ ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ।
ਹਰ ਇੱਕ ਨਾਗਰਿਕ ਨੂੰ ਇਸ ਵੱਲ ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਪਾਣੀ ਦੀ ਸੰਭਾਲ਼ ਕਰਨੀ ਜ਼ਰੂਰੀ ਹੈ।ਵਰਖਾ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਚਾਹੀਦਾ ਹੈ। ਪਾਣੀ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ, ਜਿਵੇਂ ਕੱਪੜੇ ਧੋਣ ਸਮੇਂ, ਨਹਾਉਣ ਸਮੇਂ, ਬੁਰਸ਼ ਆਦਿ ਕਰਨ ਸਮੇਂ ਬਿਨਾਂ ਮਤਲਬ ਤੋਂ ਟੂਟੀ ਨਾ ਖੋਲ੍ਹੋ।
ਪਾਣੀ ਦੀ ਸੰਭਾਲ਼ ਸੰਬੰਧੀ ਕੁੱਝ ਵਿਦਵਾਨਾਂ ਦੇ ਵਿਚਾਰ ਹਨ —
-ਭਾਈਚਾਰਿਆਂ ਨੂੰ ਪਾਣੀ ਸਾਫ਼ ਕਰਨ ਦਾ ਅਧਿਕਾਰ ਹੈ।ਜੌਨ ਸਲਾਜ਼ਾਰ।
-ਮੈਂ ਕਿਹਾ ਸਮੁੰਦਰ ਬਿਮਾਰ ਸਨ ਪਰ ਉਹ ਨਹੀਂ ਮਰਨਗੇ। ਸਮੁੰਦਰਾਂ ਵਿਚ ਮੌਤ ਦੀ ਕੋਈ ਸੰਭਾਵਨਾ ਨਹੀਂ ਹੈ - ਹਮੇਸ਼ਾਂ ਜ਼ਿੰਦਗੀ ਰਹੇਗੀ - ਪਰ ਉਹ ਹਰ ਸਾਲ ਬਿਮਾਰ ਹੁੰਦੇ ਜਾ ਰਹੇ ਹਨ. ਜੈਕ ਯੇਵਜ਼ ਕਸਟੀਓ.
-ਪਿਆਸੇ ਆਦਮੀ ਲਈ ਪਾਣੀ ਦੀ ਇਕ ਬੂੰਦ ਸੋਨੇ ਦੇ ਥੈਲੇ ਨਾਲੋਂ ਵੀ ਜ਼ਿਆਦਾ ਕੀਮਤ ਦਾ ਹੈ. - ਅਣਜਾਣ ਲੇਖਕ.
-ਸਭਿਆਚਾਰ ਦੇ ਬੱਚੇ ਪਾਣੀ ਨਾਲ ਭਰੇ ਵਾਤਾਵਰਣ ਵਿੱਚ ਪੈਦਾ ਹੁੰਦੇ ਹਨ. ਅਸੀਂ ਸੱਚਮੁੱਚ ਕਦੇ ਨਹੀਂ ਸਿੱਖਿਆ ਹੈ ਕਿ ਪਾਣੀ ਸਾਡੇ ਲਈ ਕਿੰਨਾ ਮਹੱਤਵਪੂਰਣ ਹੈ. ਅਸੀਂ ਇਸ ਨੂੰ ਸਮਝਦੇ ਹਾਂ, ਪਰ ਅਸੀਂ ਇਸਦਾ ਸਤਿਕਾਰ ਨਹੀਂ ਕਰਦੇ. - ਵਿਲੀਅਮ ਅਸ਼ਵਰਥ.
ਦੋਸਤੋਂ ਪਾਣੀ ਬਚਾਉਣ ਲਈ ਵਿਚਾਰ ਚਰਚਾ ਵਾਦ - ਵਿਵਾਦ ਕਰਨ ਨਾਲ਼ੋਂ ਬਿਹਤਰ ਹੈ ਅਸੀਂ ਸਾਰੇ ਪਾਣੀ ਬਚਾਉਣ ਦੀ ਵਿਅਕਤੀਗਤ ਜਿੰਮੇਦਾਰੀ ਲੈਣ ਲਈ ਤਿਆਰ ਹੋਈਏ ਇਕੱਠੇ ਹੋਕੇ ਹੰਭਲਾ ਮਾਰੀਏ।ਤਾਂ ਆਉਣ ਵਾਲ਼ੀਆਂ ਪੀੜੀਆਂ ਲਈ ਪਾਣੀ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਜਾਵੇ ।
ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਇੰਸਚਟੀਚਿਊਟ ਬਰੇਟਾ (ਮਾਨਸਾ)।