ਜਗਰਾਉ 21ਮਾਰਚ(ਅਮਿਤਖੰਨਾ) ਹੋਲੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਜਗਰਾਓਂ ਦੇ ਨਾਮੀ ਵਪਾਰੀ ਨੂੰ ਚੋਰੀ ਦੀ ਕਣਕ ਖਰੀਦਣ ਦੀ ਝੂਠੀ ਸ਼ਿਕਾਇਤ 'ਚ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਐੱਸਪੀ ਜਾਂਚ ਕਰਨਗੇ।ਸੋਮਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਨਜ਼ਦੀਕੀ ਆਗੂ ਪ੍ਰਰੀਤਮ ਸਿੰਘ ਅਖਾੜਾ ਦੀ ਅਗਵਾਈ 'ਚ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਦਾ ਵਫ਼ਦ ਐੱਸਐੱਸਪੀ ਡਾ. ਕੇਤਨ ਪਾਟਿਲ ਬਾਲੀਰਾਮ ਨੂੰ ਮਿਲਣ ਪੁੱਜਾ। ਉਨ੍ਹਾਂ ਦੀ ਗੈਰ ਮੌਜੂਦਗੀ 'ਚ ਐੱਸਪੀ ਪਿ੍ਰਥੀਪਾਲ ਸਿੰਘ ਨੇ ਵਫ਼ਦ ਨੂੰ ਮਿਲ ਕੇ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਦੋ ਘੰਟੇ ਵਪਾਰੀ ਨੂੰ ਪਰੇਸ਼ਾਨ ਕਰਨ, ਪੁਲਿਸ ਗੱਡੀ 'ਚ ਬਿਠਾਉਣ ਤੇ ਮੋਬਾਈਲ ਚੁੱਕਣ ਦੇ ਮਾਮਲੇ 'ਚ ਲਿਖਤੀ ਸ਼ਿਕਾਇਤ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।ਇਸ ਦੌਰਾਨ ਵਫ਼ਦ ਨੇ ਪੁਲਿਸ ਦੀ ਟੀਮ ਵੱਲੋਂ ਤਿਉਹਾਰ ਵਾਲੇ ਦਿਨ ਸ਼ਹਿਰ ਦੀ ਸ਼ਖ਼ਸੀਅਤ ਨੂੰ ਭਰੇ ਬਾਜ਼ਾਰ ਬੇਇੱਜ਼ਤ ਕਰਨਾ, ਉਚਾ ਨੀਵਾਂ ਬੋਲਣਾ ਤੇ ਗੱਡੀ 'ਚ ਬਿਠਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਪੁਲਿਸ ਜਨਤਾ 'ਚ ਬਿਹਤਰ ਤਾਲਮੇਲ ਨੂੰ ਗਵਾ ਬੈਠੇਗੀ। ਵਪਾਰੀ ਵਰਗ ਹੀ ਪੁਲਿਸ ਤੋਂ ਅਸੁਰੱਖਿਅਤ ਸਮਝਣ ਲੱਗਾ ਤਾਂ ਪੁਲਿਸ ਵੱਲੋਂ 24 ਘੰਟੇ ਸੇਵਾ 'ਚ ਹਾਜ਼ਰ ਦਾ ਸੁਨੇਹਾ ਵੀ ਝੂਠਾ ਪੈ ਜਾਵੇਗਾ। ਇਸ ਮੌਕੇ ਰਾਜੀਵ ਅਗਰਵਾਲ, ਹਰਸ਼ ਮੰਗਲਾ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਸੋਨੂੰ ਹਾਜ਼ਰ ਸਨ।