You are here

ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਵੱਡਾ ਫੈਸਲਾ  

25000 ਨੌਕਰੀਆਂ ਲਈ ਇੱਕ ਮਹੀਨੇ ਦੇ ਵਿਚ ਹੋ ਜਾਵੇਗਾ ਨੋਟੀਫਿਕੇਸ਼ਨ 

ਹਰਾ ਪੈੱਨ ਲੋਕਾਂ ਦੇ ਲਈ ਹੀ ਵਰਤਿਆ ਜਾਵੇਗਾ- ਭਗਵੰਤ ਮਾਨ

ਕੀਤੇ ਹੋਏ ਵਾਅਦੇ ਅਤੇ ਲੋਕਾਂ ਦੀਆਂ ਆਸਾਂ ਵੱਲ ਨੂੰ ਸਰਕਾਰ ਦਾ ਪਹਿਲਾ ਕਦਮ  

 ਚੰਡੀਗੜ੍ਹ, 19 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ)  ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਦੁਪਹਿਰ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਇਤਿਹਾਸਕ ਫੈਸਲੇ ਰਾਹੀਂ ਸਰਕਾਰੀ ਖੇਤਰ ਵਿਚ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਇਨ੍ਹਾਂ 25000 ਸਰਕਾਰੀ ਨੌਕਰੀਆਂ ਵਿੱਚੋਂ 10,000 ਅਸਾਮੀਆਂ ਪੰਜਾਬ ਪੁਲਿਸ 'ਚ ਭਰੀਆਂ ਜਾਣਗੀਆਂ ਜਦਕਿ 15000 ਨੌਕਰੀਆਂ ਬਾਕੀ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨੌਕਰੀਆਂ ਦਾ ਇਸ਼ਤਿਹਾਰ ਦੇਣ ਅਤੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਹੋਵੇਗੀ। ਮੰਤਰੀ ਮੰਡਲ ਨੇ ਅਗਾਮੀ ਵਿਧਾਨ ਸਭਾ ਇਜਲਾਸ ਵਿਚ ਸਾਲ 2021-22 ਲਈ ਗ੍ਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਦੁਆਰਾਂ ਖਰਚ ਕੀਤੇ ਗਏ ਵਾਧੂ ਖਰਚੇ ਲਈ ਬਜਟ ਮੁਹੱਈਆ ਕਰਵਾਉਣਾ ਹੈ ਤਾਂ ਜੋ ਬਕਾਇਆ ਦੇਣਦਾਰੀਆਂ ਨੂੰ ਨਿਪਟਾਇਆ ਜਾ ਸਕੇ। ਇਸੇ ਤਰ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਪੰਜਾਬ ਸਰਕਾਰ ਦੇ ਸਾਲ 2021-22 ਦੇ ਖਰਚੇ ਵਾਸਤੇ ਗ੍ਰਾਂਟਾਂ ਦੇਣ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ ਜਿਸ ਕਰਕੇ ਮੰਤਰੀ ਮੰਡਲ ਵੱਲੋਂ ਇਹ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਵਿਚ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ 164 ਨਿਯਮ ਅਨੁਸਾਰ ਸਾਲ 2022-23 ਲਈ ਸੂਬੇ ਦੇ ਇਕ ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚੇ ਦੇ ਵੇਰਵੇ (ਲੇਖਾ ਅਨੁਦਾਨ) ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਡਾ: ਹਰਭਜਨ ਸਿੰਘ, ਡਾ: ਵਿਜੇ ਸਿੰਗਲਾ, ਲਾਲਚੰਦ ਕਟਾਰੂ ਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਜੀਤ ਸਿੰਘ ਧਾਲੀਵਾਲ, ਲਾਲ ਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਝਿੰਪਾ ਅਤੇ ਹਰਜੋਤ ਸਿੰਘ ਬੈਂਸ ਨੇ ਕੈਬਨਿਟ ਮੀਟਿੰਗ ਵਿਚ ਸ਼ਿਰਕਤ ਕੀਤੀ | ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਲਜੀਤ ਕੌਰ ਨੇ ਕਿਹਾ ਕਿ ਉਹ ਪਾਰਟੀ ਦੀ ਸੱਚੀ ਸਿਪਾਹੀ ਬਣ ਕੇ ਕੰਮ ਕਰਨਗੇ। ਪੰਜਾਬ ਵਿੱਚ ਜਿੱਤਣ ਤੋਂ ਬਾਅਦ ਆਈਆਂ ਸਾਰੀਆਂ ਮਹਿਲਾ ਵਿਧਾਇਕਾਂ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਬਲਜੀਤ ਕੌਰ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਇੱਕ ਔਰਤ ਨੂੰ ਮੰਤਰੀ ਮੰਡਲ ਵਿੱਚ ਮੌਕਾ ਦੇ ਕੇ ਚੰਗਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਦੌਰ ਚੱਲ ਰਿਹਾ ਹੈ, ਮੈਨੂੰ ਜੋ ਵੀ ਵਿਭਾਗ ਮਿਲੇਗਾ, ਉਸ 'ਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੀ। ਧਿਆਨ ਰਹੇ ਕਿ ਦਿੱਲੀ 'ਚ ਕੇਜਰੀਵਾਲ ਦੀ ਕੈਬਨਿਟ 'ਚ ਇਕ ਵੀ ਮਹਿਲਾ ਮੰਤਰੀ ਨਹੀਂ ਹੈ। ਮੰਤਰੀ ਵਜੋਂ ਸਹੁੰ ਚੁੱਕਣ ਆਈ ਬਲਜੀਤ ਕੌਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਸਾਰੇ ਲੋਕਾਂ ਦੀ ਯਾਦ ਆ ਰਹੀ ਹੈ ਜੋ ਮੈਨੂੰ ਇੱਥੇ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ਪ੍ਰਤੀ ਵਫਾਦਾਰੀ ਦਾ ਫਲ ਮਿਲਿਆ ਹੈ। ਮੰਤਰੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਂ ਇੱਕ ਸਾਂਝੇ ਪਰਿਵਾਰ ਤੋਂ ਹਾਂ। ਮੈਂ ਮੰਤਰੀ ਵਜੋਂ ਸਹੁੰ ਚੁੱਕੀ ਹੈ ਪਰ ਇਸ ਤੋਂ ਪਹਿਲਾਂ ਵੀ ਮੈਂ ਰਾਜ ਭਵਨ ਆਉਂਦਾ ਰਹਿੰਦਾ ਹਾਂ। ਕਦੇ ਮੰਗ ਪੱਤਰ ਦੇਣ ਲਈ ਤੇ ਕਦੇ ਪਾਰਟੀ ਵਰਕਰ ਵਜੋਂ। ਪਾਰਟੀ ਨੇ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ। ਆਮ ਲੋਕਾਂ ਲਈ ਕੰਮ ਕੀਤਾ ਜਾਵੇਗਾ। ਲੋਕਾਂ ਨੇ ਜੋ ਉਮੀਦਾਂ ਲਗਾਈਆਂ ਹਨ, ਉਹ ਪੂਰੀਆਂ ਹੋਣਗੀਆਂ। ਵਿਧਾਇਕ ਪ੍ਰੋ. ਬੁੱਧਰਾਮ ਨੇ ਕਿਹਾ ਕਿ ਪੰਜਾਬ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਦੇਖ ਕੇ ਫੈਸਲੇ ਲਏ ਜਾਣ। ਅਸੀਂ ਸਾਰੇ ਪਾਰਟੀ ਸੁਪਰੀਮੋ ਵੱਲੋਂ ਮੰਤਰੀਆਂ ਬਾਰੇ ਲਏ ਗਏ ਫੈਸਲੇ ਦੇ ਨਾਲ ਹਾਂ। ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰੋ. ਬੁੱਧਰਾਮ ਨੇ ਕਿਹਾ ਕਿ ਸਾਡੇ ਸਾਰੇ ਵਿਧਾਇਕ ਅਤੇ ਮੰਤਰੀ ਇਮਾਨਦਾਰ ਹੋਣਗੇ। ਅਸੀਂ ਲੋਕਾਂ ਦੇ ਹਿਸਾਬ ਨਾਲ ਕੰਮ ਕਰਾਂਗੇ। ਅਗਲੀ ਵਾਰ ਵੀ ਲੋਕ ਸਾਨੂੰ ਚੁਣਨਗੇ। ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਵਿਧਾਇਕਾਂ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਤੋਂ ਬਹੁਤ ਆਸਾਂ ਹਨ। ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ।