ਭਦੌੜ /ਬਰਨਾਲਾ- 12 ਮਾਰਚ (ਗੁਰਸੇਵਕ ਸੋਹੀ)- ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਬਣੇ ਐਮਐਲਏ ਲਾਭ ਸਿੰਘ ਉਗੋਕੇ ਦੀ ਮਾਤਾ ਨੇ ਕਿਰਤ ਤੋਂ ਮੂੰਹ ਨਹੀਂ ਮੋੜਿਆ।ਉਸ ਦੀ ਮਾਤਾ ਬਲਦੇਵ ਕੌਰ ਅੱਜ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਕਾਂ ਦੀ ਡਿਊਟੀ ਨਿਭਾਉਣ ਪਹੁੰਚੀ।ਬਲਦੇਵ ਕੌਰ ਨੇ ਪਹਿਲਾਂ ਵਾਂਗ ਹੀ ਸਕੂਲ ਦੀ ਸਫਾਈ ਕੀਤੀ। ਇਸ ਦੌਰਾਨ ਜਿੱਥੇ ਆਪ ਵਿਧਾਇਕ ਦੀ ਮਾਤਾ ਆਪਣੀ ਡਿਊਟੀ ਨਿਭਾ ਰਹੀ ਸੀ ਉੱਥੇ ਲਾਭ ਸਿੰਘ ਦੀ ਜਿੱਤ ਤੋਂ ਖ਼ੁਸ਼ ਲੋਕ ਸਕੂਲ ਪਹੁੰਚ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ ਸਿੱਖਿਆ, ਸਹੂਲਤਾਂ ਤੋਂ ਇਲਾਵਾ ਪੜ੍ਹੇ ਲਿਖੇ ਨੌਜਵਾਨਾਂ ਦੇ ਰੁਜ਼ਗਾਰ ਮੁਹਈਆ ਕਰਵਾਉਣ ।ਇਸ ਮੌਕੇ ਸਕੂਲ ਦੀ ਇੰਚਾਰਜ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਲਾਭ ਦੀ ਜਿੱਤ ਨਾਲ ਉਨ੍ਹਾਂ ਦੇ ਸਕੂਲ ਅਤੇ ਪਿੰਡ ਉੱਗੋਕੇ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਮਾਤਾ ਬਹੁਤ ਮਿਹਨਤੀ ਤੇ ਇਮਾਨਦਾਰ ਹਨ ਅਤੇ ਪੁੱਤ ਦੇ ਵਿਧਾਇਕ ਬਣਨ ਮਗਰੋਂ ਵੀ ਉਨ੍ਹਾਂ ਆਪਣਾ ਕੰਮ ਨਹੀਂ ਛੱਡਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਮਾਤਾ ਬਲਦੇਵ ਕੌਰ ਨੇ ਕਿਹਾ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਸਾਨੂੰ ਸਾਡੇ ਹਲਕੇ ਦੇ ਵੋਟਰਾਂ ਨੇ ਪਹਿਲੇ ਦਿਨ ਤੋਂ ਹੀ ਜਿੱਤ ਦਾ ਭਰੋਸਾ ਦਿਵਾਇਆ ਸੀ ।ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਪੁੱਤ ਐਮਐਲਏ ਬਣ ਗਿਆ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ।ਲਾਭ ਸਿੰਘ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗਾ।ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿਚ ਸਫਾਈ ਸੇਵਕਾ ਵਜੋਂ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮਿਹਨਤ ਅਤੇ ਕਿਰਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੱਥੋਂ ਤੱਕ ਪਹੁੰਚਾਇਆ ਹੈਅਤੇ ਕਿਰਤ ਕਮਾਈ ਕਰਕੇ ਹੀ ਆਪਣਾ ਜੀਵਨ ਚਲਾਉਣਗੇ।