ਯੂਕਰੇਨ ਤੋਂ ਸਹੀ ਸਲਾਮਤ ਪਰਤਿਆ ਮਹਿਲ ਕਲਾਂ ਦਾ ਮੁਹੰਮਦ ਸਕੀਲ

ਮਹਿਲ ਕਲਾਂ /ਬਰਨਾਲਾ 5 ਮਾਰਚ- (ਗੁਰਸੇਵਕ ਸਿੰਘ ਸੋਹੀ ) ਯੂਕਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ਚ ਫਸੇ ਭਾਰਤੀ ਵਿਦਿਆਰਥੀਆਂ ਚੋਂ ਮੁਹੰਮਦ ਸ਼ਕੀਲ ਪੁੱਤਰ ਡਾਕਟਰ ਕੇਸਰ ਖ਼ਾਨ (ਹੱਡੀਆਂ ਦੇ ਮਾਹਿਰ )ਵਾਸੀ ਮਹਿਲ ਕਲਾਂ ਅੱਜ ਪੋਲੈਂਡ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਸਹੀ ਸਲਾਮਤ ਵਤਨ (ਪੰਜਾਬ) ਵਾਪਸ ਪਰਤਿਆ ਆਇਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੇ ਵਿਦਿਆਰਥੀ ਮੁਹੰਮਦ ਸ਼ਕੀਲ ਆਪਣੇ ਪਿਤਾ ਡਾਕਟਰ ਕੇਸਰ ਖਾਨ ਦੇ ਗਲ ਲੱਗ ਮਿਲਿਆ ਤਾਂ ਮਾਹੌਲ ਭਾਵੁਕ ਹੋ ਗਿਆ । ਮੁਹੰਮਦ ਸ਼ਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਈ ਦਿਨ ਬਿਲਡਿੰਗ ਦੇ ਥੱਲੇ ਬਣੇ ਬੰਕਰ ਵਿੱਚ ਰਹਿ ਕੇ ਦਿਨ ਤੇ ਰਾਤਾਂ ਗੁਜ਼ਾਰੀਆਂ ,ਜਿਥੇ  ਖਾਣ ਪੀਣ ਲਈ ਕੁਝ ਨਹੀਂ ਸੀ ।ਉਸ ਤੋਂ ਬਾਅਦ ਸਹਿਯੋਗੀ ਵਿਦਿਆਰਥੀਆਂ ਨਾਲ ਖਾਰਕੀਵ ਰੇਲਵੇ ਸਟੇਸ਼ਨ ਤੋਂ ਮੈਟਰੋ ਰੇਲ ਰਾਹੀਂ ਪੱਚੀ ਘੰਟਿਆਂ ਚ ਲਵੀਵ ਪਹੁੰਚੇ ਤੇ ਲਵੀਵ ਤੋਂ ਪੋਲੈਂਡ ਨੌਂ ਘੰਟੇ ਵਿੱਚ ਪਹੁੰਚੇ  ਤੇ ਸਫ਼ਰ ਦੌਰਾਨ ਸਾਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ।ਬਾਦ ਚ ਪੋਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਤੇ ਪੰਜਾਬ ਦਾ ਕੋਈ ਵੀ ਮੰਤਰੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਨਹੀਂ ਪਹੁੰਚਿਆ, ਜਦ ਕਿ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਰਿਸੀਵ ਕਰਨ ਲਈ ਉੱਥੋਂ ਦੇ ਮੰਤਰੀ ਪਹੁੰਚੇ ਹੋਏ ਸਨ। ਵਿਦਿਆਰਥੀ ਮੁਹੰਮਦ ਸ਼ਕੀਲ ਦੇ ਘਰ ਵਾਪਸ ਪਰਤਣ ਤੇ ਪਰਿਵਾਰਕ ਮੈਂਬਰ ਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਗਗਨ ਸਰਾਂ ਕੁਰੜ ਆਦਿ ਨੇ ਮੁਹੰਮਦ ਸ਼ਕੀਲ ਨੂੰ ਸਨਮਾਨਤ ਕੀਤਾ। ਇਸ ਮੌਕੇ ਬਸ਼ੀਰ ਮੁਹੰਮਦ ,ਮਾਤਾ ਮੀਨਾ ਪ੍ਰਵੀਨ, ਸਲਾਮਦੀਨ , ਹਮੀਦ ਮੁਹੰਮਦ, ਬੂਟਾ ਖਾਨ ਹਾਫਿਸ ਮੁਹੰਮਦ ਆਦਿ ਹਾਜ਼ਰ ਸਨ ।