ਰੂਸ ਤੇ ਯੂਕਰੇਨ ਤਣਾਅ ਦੇ ਮੱਦੇਨਜ਼ਰ ਜੀ. ਹੋਲੀ ਹਾਰਟ ਸਕੂਲ ਵੱਲੋਂ ਵਿਸ਼ਵ ਸ਼ਾਂਤੀ ਲਈ ਅਰਦਾਸ

ਯੂਕਰੇਨ 'ਚ ਅਜਾਈ ਗਈਆਂ ਜਾਨਾਂ ਸਬੰਧੀ ਦੁੱਖ ਪ੍ਰਗਟ ਕੀਤਾ
ਜਲਦ ਤੋਂ ਜਲਦ ਇਸ ਮਸ਼ਲੇ ਦਾ ਹੱਲ ਹੋਵੇ

ਮਹਿਲ ਕਲਾਂ /ਬਰਨਾਲਾ- 04 ਮਾਰਚ-    (ਗੁਰਸੇਵਕ ਸਿੰਘ ਸੋਹੀ )-ਇਲਾਕੇ ਦੀ  ਨਾਮਵਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੀ ਮੈਨੇਜਮੈਂਟ ਕਮੇਟੀ,ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਰੂਸ ਅਤੇ ਯੂਕਰੇਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਵਿਸ਼ਵ ਸ਼ਾਂਤੀ ਲਈ ਅਰਦਾਸ਼ ਕੀਤੀ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਮੌਜੂਦਾ ਤਣਾਅ ਬਾਰੇ ਤਿਆਰ ਕੀਤੇ ਸਲੋਗਨਾਂ ਰਾਹੀ ਜਲਦ ਤੋਂ ਜਲਦ ਇਸ ਮਸ਼ਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਪਿ੍ੰਸੀਪਲ ਨਵਜੋਤ ਕੌਰ ਟੱਕਰ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਦਾ ਮਤਲਬ ਸਮਝਾਉਂਦੇ ਹੋਏ ਕਿਹਾ ਕਿ ਸ਼ਾਂਤੀ ਦਾ ਮਤਲਬ ਝਗੜਿਆਂ ਦੀ ਅਣਹੋਂਦ ਨਹੀਂ ਹੈ, ਮਤਭੇਦ ਹਮੇਸ਼ਾ ਰਹਿਣਗੇ। ਸ਼ਾਂਤੀ ਦਾ ਮਤਲਬ ਹੈ ਸ਼ਾਂਤੀਪੂਰਨ ਸਾਧਨਾਂ, ਸਿੱਖਿਆ, ਗਿਆਨ ਤੇ ਮਨੁੱਖੀ ਤਰੀਕਿਆਂ ਦੁਆਰਾ ਇਨ੍ਹਾਂ ਮਤਭੇਦਾਂ ਨੂੰ ਹੱਲ ਕਰਨਾ।ਇਸ ਮੌਕੇ ਸੰਸਥਾਂ ਵੱਲੋਂ ਯੂਕਰੇਨ 'ਚ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਤੇ ਸੰਮਤੀ ਦੇ ਹੋ ਰਹੇ ਨੁਕਸਾਨ ਸਬੰਧੀ ਦੁੱਖ ਪ੍ਰਗਟ ਕਰਦਿਆਂ ਸਦਭਾਵਨਾ ਵਾਲੇ ਸੰਤੁਲਨ ਬਣਾਈ ਰੱਖਣ ਦੀ ਅਪੀਲ ਕੀਤੀ । ਵਿਦਿਆਰਥੀਆਂ ਨੇ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਿਹਾ ਯੁੱਧ ਛੇਤੀ ਖ਼ਤਮ ਤੇ ਮੁੜ ਸਥਿਤੀ ਆਮ ਵਾਂਗ ਰਹਿਣ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ,ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਯੂਕਰੇਨ 'ਚ ਪੜਾਈ ਕਰਨ ਲਈ ਗਏ ਵਿਦਿਆਰਥੀਆਂ ਦੇ ਸੁਰੱਖਿਅਤ ਘਰ ਪਰਤਨ ਲਈ ਸਾਂਝੇ ਤੌਰ ਤੇ ਪ੍ਰਮਾਤਮਾਂ ਅੱਗੇ ਅਰਦਾਸ਼ ਬੇਨਤੀ ਕੀਤੀ।