ਬਣਾਉਟੀ ਸੂਰਜ ਬਨਾਮ ਗੋਹੇ ਦੀਆਂ ਪਾਥੀਆਂ!✍️ ਸਲੇਮਪੁਰੀ ਦੀ ਚੂੰਢੀ

ਸੰਸਾਰ ਵਿਚ ਸਿੰਘਾਪੁਰ ਵਰਗੇ  ਛੋਟੇ ਛੋਟੇ ਬਹੁਤ ਦੇਸ਼ਾਂ ਹਨ, ਜਿਨ੍ਹਾਂ ਨੇ ਜਿਥੇ ਆਪਣੇ ਦੇਸ਼ ਦੇ ਲੋਕਾਂ ਨੂੰ ਸਵਰਗ ਵਰਗੀ ਜਿੰਦਗੀ ਪ੍ਰਦਾਨ ਕੀਤੀ ਹੈ, ਉਥੇ  ਹਰ ਖੇਤਰ ਵਿਚ  ਉੱਚੀਆਂ ਉੱਚੀਆਂ ਮੱਲਾਂ ਵੀ ਬਹੁਤ ਮਾਰੀਆਂ ਹਨ, ਪਰ ਜਦੋਂ ਅਸੀਂ ਬਰਤਾਨੀਆ ਅਤੇ ਚੀਨ ਵਰਗੇ ਦੇਸ਼ਾਂ ਵਲੋਂ ਕੀਤੀ ਤਰੱਕੀ ਵਲ ਝਾਤੀ ਮਾਰਦੇ ਹਾਂ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ, ਕਿਉਂਕਿ ਇਨ੍ਹਾਂ ਦੇਸ਼ਾਂ ਨੇ ਤਾਂ 'ਬਣਾਉਟੀ ਸੂਰਜ' ਬਣਾ ਕੇ ਰੱਖ ਦਿੱਤੇ ਹਨ ਜੋ ਬੇ-ਅਥਾਹ ਊਰਜਾ ਪੈਦਾ ਕਰਦੇ ਹਨ। ਜਾਣੀ ਕਿ ਇਨ੍ਹਾਂ ਦੇਸ਼ਾਂ ਨੇ ਤਾਂ ਊਰਜਾ ਪੈਦਾ ਕਰਨ ਲਈ ਬਣਾਉਟੀ ਸੂਰਜ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਪਿਛਲੇ ਦਿਨੀਂ ਬਰਤਾਨਵੀ ਵਿਗਿਆਨੀਆਂ ਨੇ 'ਬਣਾਉਟੀ ਸੂਰਜ' ਬਣਾ ਕੇ ਊਰਜਾ ਪੈਦਾ ਕਰਨ ਦੀ ਦਿਸ਼ਾ 'ਚ ਜੋ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਦਾ ਲਾਭ ਕੇਵਲ ਬਰਤਾਨੀਆ ਨੂੰ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ  ਲਾਹੇਵੰਦ ਸਾਬਤ ਹੋ ਨਿਬੜੇਗਾ। ਬਰਤਾਨਵੀ ਵਿਗਿਆਨੀਆਂ ਨੇ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ  ਕਰਨ ਵਾਲਾ ਜਿਹੜਾ ਰਿਐਕਟਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ ,  ਅਥਾਹ ਊਰਜਾ ਛੱਡਦਾ ਹੈ।ਇਸ ਸੰਬੰਧੀ ਬਰਤਾਨਵੀ ਵਿਗਿਆਨੀਆਂ ਵੱਲੋਂ ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ ਹੈ, ਜੋ  ਸੰਸਾਰ ਭਰ ਵਿਚ ਜਿਥੇ ਇਕ ਨਵੀਂ ਵਿਗਿਆਨਿਕ ਖੋਜ ਹੈ, ਉਥੇ ਆਪਣੇ ਆਪ 'ਚ ਇਕ ਰਿਕਾਰਡ ਵੀ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ14 ਕਿਲੋ ਟੀ. ਐਨ. ਟੀ. ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਿਕ ਇਸ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ, ਜਿਸ ਨਾਲ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਬਰਤਾਨਵੀ ਵਿਗਿਆਨੀਆਂ ਨੇ ਆਪਣੇ ਦੁਆਰਾ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ ਵਿੱਚ 59 ਮੈਗਾਜੁਲ ਊਰਜਾ ਪੈਦਾ ਕਰਕੇ 1997 ਵਿੱਚ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ  ਪ੍ਰਮਾਣੂ ਊਰਜਾ ਦਾ ਸਫਲ ਪ੍ਰਯੋਗ  ਕੀਤਾ ਗਿਆ ਹੈ। ਵਿਗਿਆਨੀਆਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ  ਇਹ ਪ੍ਰਯੋਗ  ਪ੍ਰਮਾਣੂ ਫਿਊਜ਼ਨ ਦੀ ਤਕਨਾਲੋਜੀ ਦੇ ਆਧਾਰ 'ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਸਾਬਤ ਹੋਵੇਗਾ।
ਅਸੀਂ ਹਰ ਰੋਜ ਉੱਚੀ ਉੱਚੀ ਟਾਹਰਾਂ ਮਾਰ ਮਾਰ ਕੇ ਆਖਦੇ ਹਾਂ ਕਿ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਜਦਕਿ ਇਸ ਦੇ ਨਾਲ ਨਾਲ ਨਵੀਆਂ ਲੀਹਾਂ ਪੈਦਾ ਕੀਤੀਆਂ ਜਾ ਰਹੀਆਂ ਹਨ , ਪਰ ਜਦੋਂ ਗਹੁ ਨਾਲ ਵੇਖਦੇ ਹਾਂ ਤਾਂ ਪਤਾ ਲੱਗਦਾ  ਹੈ ਕਿ ਅਸੀਂ ਹਰ ਖੇਤਰ ਵਿਚ ਪੱਛੜ ਕੇ ਰਹਿ ਗਏ ਹਾਂ। ਹਾਂ ਜੇ ਤਰੱਕੀ ਕੀਤੀ ਹੈ ਤਾਂ ਧਰਮ ਦੇ ਨਾਂ 'ਤੇ ਦੰਗੇ ਕਰਵਾਉਣ ਅਤੇ ਜਾਤੀ ਪਾੜਾ ਵਧਾਉਣ ਵਿੱਚ ਕੀਤੀ ਹੈ ਜਾਂ ਫਿਰ ਅਸੀਂ ਭ੍ਰਿਸ਼ਟਾਚਾਰ ਵਿਚ ਹੱਦਾਂ ਬੰਨੇ ਪਾਰ ਕੀਤੇ ਹਨ ਜਾਂ ਫਿਰ ਬੈਂਕਾਂ ਤੋਂ ਕਰੋੜਾਂ ਰੁਪਏ ਕਰਜਿਆਂ ਦੇ ਰੂਪ ਵਿਚ ਲੈ ਕੇ ਘਪਲੇ ਕੀਤੇ ਹਨ।
ਸਾਡੇ ਦੇਸ਼ ਵਿਚ ਤਾਂ ਅਜੀਬੋ-ਗਰੀਬ ਕਿਸਮ ਦੀਆਂ ਖੋਜਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਨਜ਼ਰਾਂ ਉਤਾਰਨ ਲਈ ਗਿੱਟੇ ਨਾਲ ਕਾਲਾ ਧਾਗਾ ਜਾਂ ਟੁੱਟਿਆ ਛਿੱਤਰ ਬੰਨ੍ਹਣਾ, ਰੁੱਖਾਂ ਵਿਚ ਮੇਖਾਂ ਗੱਡਣਾ / ਧਾਗੇ ਲਪੇਟਣਾ ਵੀ ਸਾਡੇ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਹਨ। ਪਿਛਲੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸਿੱਖਿਆ ਸ਼ਾਸਤਰੀ ਨੇ ਤਾਂ ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਪੱਥਣ ਲਈ ਸਿਖਲਾਈ ਦਿੰਦਿਆਂ ਗੋਹੇ ਦੇ ਦੁਰਲੱਭ ਲਾਭਾਂ ਬਾਰੇ ਕੀਤੀ ਗਈ ਖੋਜ ਤੋਂ ਜਾਣੂ ਕਰਵਾ ਕੇ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਜਿਸ ਨੂੰ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਦੇ ਸੁਨਹਿਰੀ ਪੰਨਿਆਂ ਉਪਰ ਅੰਕਿਤ ਕੀਤਾ ਜਾਵੇਗਾ। ਬਰਤਾਨੀਆ ਅਤੇ ਚੀਨ ਵਲੋਂ ਤਿਆਰ ਕੀਤੇ ਗਏ ਬਣਾਉਟੀ ਸੂਰਜਾਂ ਦੀ ਊਰਜਾ ਸਾਡੇ ਦੇਸ਼ ਵਿਚ ਗੋਹੇ ਤੋਂ ਤਿਆਰ ਕੀਤੀਆਂ ਗਈਆਂ ਪਾਥੀਆਂ ਦੀ ਊਰਜਾ ਦਾ ਮੁਕਾਬਲਾ ਨਹੀਂ ਕਰ ਸਕਦੀ! ਸਾਡੇ ਦੇਸ਼ ਵਿਚ ਤਾਂ ਗਟਰਾਂ ਦੀ ਗੰਦਗੀ ਸਾਫ ਕਰਨ ਲਈ ਅਜੇ ਵੀ ਮਨੁੱਖਾਂ ਨੂੰ ਗਟਰਾਂ ਵਿਚ ਉਤਾਰਿਆ ਜਾਂਦਾ ਹੈ।
ਆਹ ਨੇ ਸਾਡੀਆਂ ਖੋਜਾਂ!
-ਸੁਖਦੇਵ ਸਲੇਮਪੁਰੀ
09780620233
14 ਫਰਵਰੀ, 2022.