ਬੜੇ ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ! ✍️ ਸਲੇਮਪੁਰੀ ਦੀ ਚੂੰਢੀ

ਅੱਜ ਜਿਉਂ ਹੀ ਸਵੇਰੇ ਮੈਂ ਅਖਬਾਰ ਪੜ੍ਹਨ ਲੱਗਿਆ ਤਾਂ ਮੇਰੀ ਨਿਗਾਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਧਰੋਂ- ਉਧਰ ਤੇ ਉਧਰੋਂ-ਇਧਰ ਛਾਲਾਂ ਮਾਰਨ ਦੀਆਂ ਖਬਰਾਂ ਵੱਲ ਗਈ ਤਾਂ ਮੈਨੂੰ ਪਹਿਲਾਂ ਆਮ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਮਹਿਸੂਸ ਨਹੀਂ ਹੋਈ, ਕਿਉਂਕਿ ਇਧਰੋਂ- ਉਧਰ ਤੇ ਉਧਰੋਂ ਅੱਗੇ ਅੱਗੇ ਛਾਲਾਂ ਮਾਰਨਾ ਉਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ।ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਸੱਚੇ ਸੁੱਚੇ ਦੇਸ਼ ਭਗਤ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਇਸੇ ਲਈ ਤਾਂ ਉਹ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਅਤੇ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੌਮੀ ਝੰਡੇ ਲਹਿਰਾਉਂਦੇ ਹਨ। ਪਰ ਇਸ ਦੇ ਨਾਲ ਹੀ ਮੇਰੀ ਨਜ਼ਰ ਅਖਬਾਰ ਦੀ ਇਕ ਹੋਰ ਮੋਟੀ ਖਬਰ 'ਤੇ ਪਈ, ਜਿਸ ਵਿਚ ਲਿਖਿਆ ਹੋਇਆ ਸੀ  'ਇੱਕ ਸ਼ਿਪਯਾਰਡ ਕੰਪਨੀ ਅਤੇ ਉਸ ਦੇ ਨਿਵੇਸ਼ਕਾਂ  ਵਲੋਂ ਬੈਂਕਾਂ ਨਾਲ 23 ਹਜਾਰ ਕਰੋੜ ਰੁਪਏ ਦਾ ਘਪਲਾ'! ਪਰ ਇਹ ਖਬਰ ਪੜ੍ਹ ਕੇ ਵੀ ਮੈਨੂੰ ਰਤਾ ਜਿੰਨ੍ਹੀ ਵੀ ਹੈਰਾਨਗੀ ਨਹੀਂ ਹੋਈ, ਕਿਉਂਕਿ ਇਹ ਵੀ ਕੋਈ ਖਾਸ ਖਬਰ ਨਹੀਂ ਸੀ, ਇਸ ਤੋਂ ਪਹਿਲਾਂ ਵੀ ਅਜਿਹੀਆਂ ਅਨੇਕਾਂ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।  'ਬੜੇ-ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ ਹੋਤੀ ਰਹਿਤੀ ਹੈੰ' ਕਿਉਂਕਿ ਭਾਰਤ ਇਕ ਵਿਸ਼ਾਲ ਦੇਸ਼ ਹੈ, ਇੰਨੀ ਕੁ ਰਕਮ ਨਾਲ ਸਰਕਾਰੀ ਖਜ਼ਾਨੇ ਨੂੰ ਕੁਝ ਵੀ ਫਰਕ ਨਹੀਂ ਪੈਣਾ, ਇਸ ਤੋਂ ਪਹਿਲਾਂ ਵੀ ਸੱਚੇ ਸੁੱਚੇ ਦੇਸ਼ ਭਗਤਾਂ ਦੇ ਅਰਬਾਂ-ਖਰਬਾਂ ਰੁਪਏ ਵਿਦੇਸ਼ੀ ਬੈਂਕਾਂ ਵਿਚ ਪਏ ਹਨ ਜਾਂ ਫਿਰ ਬੈਂਕਾਂ ਤੋਂ ਲੈ ਕੇ ਭਗੌੜੇ ਹੋ ਚੁੱਕੇ ਹਨ। ਦੇਸ਼ ਦੇ ਕਰੋੜਾਂ, ਅਰਬਾਂ ਤੇ ਖਰਬਾਂ ਰੁਪਏ ਲੈ ਕੇ ਭੱਜਣ ਵਾਲੇ ਦੇਸ਼ ਭਗਤ ਵੱਡੇ ਦਿਲ ਅਤੇ ਉੱਚੀ ਸੋਚ ਦੇ ਮਾਲਕ ਹੀ ਹੋ ਸਕਦੇ ਹਨ। ਦੇਸ਼ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਸੋਚ ਸੋਚ ਕੇ  ਚਿੰਤਤ ਹੋਣ ਦੀ ਜਰੂਰਤ ਨਹੀਂ ਹੈ। ਲੋਕਾਂ ਨੇ ਜੇ ਚਿੰਤਾ ਕਰਨੀ ਹੈ, ਤਾਂ ਉਨ੍ਹਾਂ ਨੂੰ ਆਪਣੇ ਲਏ ਕਰਜਿਆਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਨ੍ਹਾਂ ਨੇ ਆਪਣੇ ਕੰਮਾਂ ਲਈ ਕਿਸੇ ਬੈਂਕ /ਵਿੱਤ ਏਜੰਸੀ ਤੋਂ  ਲਏ 5000 ਰੁਪਏ, 10,000 ਰੁਪਏ, 50,000 ਰੁਪਏ ਜਾਂ 100000 ਰੁਪਏ ਮਜਬੂਰੀ ਵੱਸ ਸਮੇਂ ਸਿਰ ਵਾਪਸ ਨਾ ਕੀਤੇ ਜਾਂ ਵਿਚੋਂ ਕਿਸ਼ਤਾਂ ਟੁੱਟ ਗਈਆਂ ਤਾਂ ਜੇਲ੍ਹ ਦੀ ਹਵਾ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਰਜੇ ਦੀ ਵਾਪਸੀ ਨੂੰ ਲੈ ਕੇ  ਤੁਹਾਡੇ ਘਰ/ ਜਮੀਨ ਦੀ ਕੁਰਕੀ ਵੀ ਹੋ ਸਕਦੀ ਹੈ।  ਤੁਸੀਂ ਦੇਸ਼ ਭਗਤ ਨਹੀਂ ਬਲਕਿ ਤੁਹਾਡਾ ਨਾਂ ਦੇਸ਼ ਧ੍ਰੋਹੀਆਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ, ਜਦਕਿ ਵੱਡੇ ਵੱਡੇ ਘਪਲੇ ਕਰਨ ਵਾਲੇ ਦੇਸ਼ ਭਗਤਾਂ ਨੂੰ ਤਾਂ ਕੌਮੀ ਪੱਧਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ, ਕਿਸੇ ਵਿਭਾਗ ਦਾ ਚੇਅਰਮੈਨ ਵੀ ਥਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਵਿਧਾਇਕ, ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀ ਬਣਨ ਦਾ ਗੁਣੀਆ ਪੈ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਸੀਂ ਹਰ ਰੋਜ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ 'ਭਾਰਤ ਇਕ ਵਿਸ਼ਾਲ ਦੇਸ਼ ਹੈ।' ਇਸ ਲਈ ਕਿਸੇ ਵੀ ਵਿਸ਼ਾਲ ਦੇਸ਼ ਵਿੱਚ ਬੈਂਕਾਂ ਨਾਲ ਵੱਡੇ ਵੱਡੇ ਘਪਲੇ ਹੋਣਾ ਕੋਈ ਅਚੰਭੇ ਵਾਲੀ ਘਟਨਾ ਨਹੀਂ ਹੈ, ਕਿਉਂਕਿ ਬੜੇ - ਬੜੇ ਸ਼ਹਿਰੋਂ ਮੇਂ ਛੋਟੀ-ਛੋਟੀ ਬਾਤੇੰ ਹੋਤੀ ਰਹਿਤੀ ਹੈ!
-ਸੁਖਦੇਵ ਸਲੇਮਪੁਰੀ
09780620233
13 ਫਰਵਰੀ, 2022.