ਭੁਚਾਲੀ ਝਟਕੇ ✍️ ਸਲੇਮਪੁਰੀ ਦੀ ਚੂੰਢੀ

ਧਰਤੀ 'ਤੇ ਥੋੜ੍ਹੇ - ਥੋੜ੍ਹੇ ਸਮੇਂ ਬਾਅਦ ਅਕਸਰ ਭੁਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ। ਕਈ ਵਾਰ ਬਹੁਤ ਹੀ ਘੱਟ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਜਿਸ ਨੂੰ ਅਸੀਂ ਮਾਮੂਲੀ ਜਿਹਾ ਮਹਿਸੂਸ ਕਰਦੇ ਹਾਂ ਜਦਕਿ ਕਈ ਵਾਰ ਜਿਸ ਇਲਾਕੇ ਵਿਚ ਬਹੁਤ ਹੀ ਤੇਜ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਤਾਂ ਉਥੇ ਘਰਾਂ ਦੀਆਂ ਬੂਹੇ-ਬਾਰੀਆਂ ਜੋਰ-ਜੋਰ ਦੀ ਖੜਕਦੀਆਂ ਹਨ, ਕੰਧਾਂ ਵਿਚ ਤਰੇੜਾਂ ਆ ਜਾਂਦੀਆਂ ਹਨ, ਕਈ ਵਾਰੀ ਤਾਂ ਘਰਾਂ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ। ਧਰਤੀ ਉੱਪਰ ਭੁਚਾਲ ਦੇ ਝਟਕੇ ਲੱਗਣਾ ਜਾਂ ਸਮੁੰਦਰ ਵਿਚ ਜਵਾਰ ਭਾਟੇ ਦਾ ਆਉਣਾ, ਕੁਦਰਤ ਦੀ ਇਕ ਪ੍ਰਕਿਰਿਆ ਹੈ, ਜੋ ਅਕਸਰ ਚੱਲਦੀ ਰਹਿੰਦੀ ਹੈ, ਪਰ ਸਾਡੇ ਦੇਸ਼ ਵਿਚ ਜਾਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ, ਉਸ ਵੇਲੇ ਸਿਆਸੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ। ਸਿਆਸਤ ਵਿਚ ਆਉਣ ਵਾਲੇ ਭੁਚਾਲ ਦੇ ਝਟਕਿਆਂ ਦਾ ਲੋਕਾਂ ਦੀ ਭਲਾਈ ਲਈ ਜਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵੀ ਲੈਣ-ਦੇਣ ਨਹੀਂ ਹੁੰਦਾ।ਇਹ ਝਟਕੇ ਜਾਂ ਤਾਂ ਕੁਰਸੀ ਨਾਲ ਜੁੜੇ ਹੁੰਦੇ ਹਨ ਜਾਂ ਕਿਸੇ ਖਾਸ ਦਬਾਅ ਹੇਠ ਜਾਂ ਕਿਸੇ ਗੁਪਤ ਕਾਰਨ ਕਰਕੇ ਆਉਂਦੇ ਹਨ, ਪਰ ਇਹ ਗੱਲ 100 ਫੀਸਦੀ ਸੱਚ ਹੈ ਕਿ, ਇਨ੍ਹਾਂ ਸਿਆਸੀ ਭੁਚਾਲੀ ਝਟਕਿਆਂ ਦਾ ਲੋਕਾਂ ਨੂੰ, ਸਮਾਜ ਨੂੰ, ਸੂਬੇ ਨੂੰ ਜਾਂ ਦੇਸ਼ ਨੂੰ ਕਿਸੇ ਵੀ ਕਿਸਮ ਦਾ ਲਾਭ ਹੋਣ ਦੀ ਕੋਈ ਉਮੀਦ ਨਹੀਂ ਹੁੰਦੀ। ਪੰਜਾਬ ਵਿਚ ਸਿਆਸੀ ਭੁਚਾਲ ਦੇ ਝਟਕੇ ਆਉਣ ਵਾਲੀ 19 ਫਰਵਰੀ ਤੱਕ ਜਾਂ ਫਿਰ ਵੋਟਾਂ ਵਾਲੇ ਦਿਨ 20 ਫਰਵਰੀ ਤੱਕ ਵੱਜਦੇ ਰਹਿਣ ਦੀ ਸੰਭਾਵਨਾ ਹੈ।
ਲੋਕੋ! ਤੁਸੀਂ ਸਿਆਸੀ ਭੁਚਾਲਾਂ ਦੇ ਝਟਕਿਆਂ ਨੂੰ ਲੈ ਕੇ ਨਾ ਤਾਂ ਚਿੰਤਤ ਹੋਣਾ ਅਤੇ ਨਾ ਹੀ ਖੁਸ਼ ਹੋਣਾ, ਕਿਉਂਕਿ ਇਹ ਝਟਕੇ ਤੁਹਾਡੇ ਭਵਿੱਖ ਦੀ ਬਿਹਤਰੀ ਲਈ ਨਹੀਂ, ਸਿਰਫ ਨਿੱਜੀ ਹਨ! ਤੁਸੀਂ ਆਪਣੀ ਵੋਟ ਦੀ ਮਹੱਤਤਾ ਨੂੰ ਸਮਝਦੇ ਹੋਏ, ਬਿਨਾਂ ਕਿਸੇ ਡਰ ਅਤੇ ਛੋਟੇ - ਮੋਟੇ ਲਾਲਚਾਂ ਤੋਂ ਉਪਰ ਉਠ ਕੇ ਚੰਗੇ ਅਕਸ ਵਾਲੇ ਦੀ ਚੋਣ ਕਰਨ ਨੂੰ ਪਹਿਲ ਦੇਣਾ, ਕਿਉਂਕਿ ਤੁਸੀਂ ਜਾਗਦੀ ਜਮੀਰ ਦੇ ਮਾਲਕ ਹੋ!
ਲੋਕੋ! ਚੋਣ ਸਰਵੇਖਣਾਂ ਦੇ ਝਟਕਿਆਂ ਤੋਂ ਵੀ ਸੁਚੇਤ ਹੋ ਕੇ ਰਹਿਣਾ, ਇਨ੍ਹਾਂ ਵਿਚੋਂ ਬਹੁਤੇ ਫਰਜੀ ਅਤੇ ਨਿੱਜੀ ਹੁੰਦੇ ਹਨ, ਕਿਤੇ ਇਨ੍ਹਾਂ ਦੀ ਘੁੰਮਣ-ਘੇਰੀ ਵਿਚ ਫਸ ਕੇ ਨਾ ਬਹਿ ਜਾਓ, ਆਪਣੀ ਜਮੀਰ ਨੂੰ ਜਿਉਂਦੇ ਰੱਖਦਿਆਂ ਚੰਗੇ - ਮਾੜੇ ਦੀ ਪਰਖ ਕਰਨਾ ਨਾ ਭੁੱਲਿਓ!
-ਸੁਖਦੇਵ ਸਲੇਮਪੁਰੀ
09780620233
11 ਫਰਵਰੀ, 2022.