ਗਾਇਕ ਨਵਜੀਤ ਕਾਹਲੋਂ ਦਾ ਨਵਾਂ ਗੀਤ ‘ਨੋਟ’ਹੋਇਆ ਲੋਕਪ੍ਰਿਯ ✍️. ਹਰਜਿੰਦਰ ਸਿੰਘ ਜਵੰਦਾ

 ਨੋਟ ਦੇ ਬਦਲੇ ਵੋਟ, ਇਹ ਮੁੱਢ ਤੋਂ ਹੀ ਚੱਲਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਸਭ ਚੱਲਦਾ ਰਹੇਗਾ। ਪਰ ਕੁਝ ਕ੍ਰਾਂਤੀਕਾਰੀ ਸੂਰਮੇ ਇਸ ਚਲਣ ਨੂੰ ਠੱਲ ਪਾਉਣ ਦਾ ਯਤਨ ਕਰਦੇ ਹੀ ਰਹਿੰਦੇ ਹਨ। ਉਨਾਂ ਹੀ ਯੋਧਿਆਂ ਦੀ ਆਵਾਜ਼ ਨੂੰ ਬੁਲੰਦ ਕਰਦਾ ਗੀਤ ‘ਨੋਟ’ ਗਾਇਕ ਨਵਜੀਤ ਕਾਹਲੋਂ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਹੈ। ਸਾਧਪੁਰੀ ਦੀ ਕਲਮ ਅਤੇ ਭਿੰਦਾ ਔਜਲੇ ਦੇ ਸੰਗੀਤ ਨਾਲ ਸ਼ਿੰਗਾਰਿਆ ਇਹ ਗੀਤ ਇਕ ਸਾਰਥਕ ਵੀਡੀਓ ਨਾਲ ਪੇਸ਼ ਕੀਤਾ ਗਿਆ। ਜਿਸ ਵਿੱਚ ਨਾਮੀ ਮਾਡਲ ਜੱਗੀ ਖਰੌੜ, ਅਨਮੋਲ ਕੰਵਲ ਸਿੱਧੂ ਅਤੇ ਸਨੀ ਭਿੰਡਰ ਨਜ਼ਰ ਆਉਂਦੇ ਹਨ। ਗੀਤ ਦੇ ਵੀਡੀਓ ਨੂੰ ਆਰ ਸਵਾਮੀ ਨੇ ਨਿਰਦੇਸ਼ਿਤ ਕੀਤਾ ਹੈ।

ਨਵਜੀਤ ਕਾਹਲੋਂ ਕਾਫੀ ਸਮੇਂ ਤੋਂ ਆਪਣੇ ਚੰਗੇ ਗੀਤਾਂ ਨਾਲ ਹਾਜ਼ਰੀ ਲਗਵਾਉਂਦਾ ਰਿਹਾ ਹੈ। ਇਸ ਵਾਰ ਵੋਟਾਂ ਦਾ ਦੌਰ ਚੱਲ ਰਿਹਾ ਹੈ ਅਤੇ ਅਜਿਹੀ ਸਥਿਤੀ ਤੇ ‘ਨੋਟ’ਨੂੰ ਗੀਤ ਬਹੁਤ ਢੁੱਕਦਾ ਹੈ। ਗੱਲ ਕਰਦੇ ਹੋਏ ਨਵਜੀਤ ਨੇ ਦੱਸਿਆ ਕਿ "ਇੱਕ ਗਾਇਕ ਨੂੰ ਹਰ ਇੱਕ ਮੁੱਦੇ ਉੱਤੇ ਗਾਉਣਾ ਚਾਹੀਦਾ ਹੈ। ਜੇ ਤੁਹਾਡੀ ਗਾਇਕੀ ਨਾਲ ਆਮ ਜਨਤਾ ਜਾਗਰੂਕ ਹੁੰਦੀ ਹੈ ਤਾਂ ਇਹ ਇੱਕ ਵੱਡੀ ਗੱਲ ਹੈ। ਗੱਲ ਹੈ ਵੀ ਸਹੀ ਕਿ ਨੌਜਵਾਨਾਂ ਨੂੰ ਰਾਹ ਤੋਂ ਭਟਕਾਉਣ ਲਈ ਵੋਟਾਂ ਦਾ ਸਮਾਂ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਮੰਤਰੀ ਰਾਤੋਂ ਰਾਤ ਖਰੀਦੇ ਵੇਚੇ ਜਾਂਦੇ ਹਨ, ਅੰਦਰੋਂ ਅੰਦਰੀ  ਬਹੁਤ ਕੁਝ ਚਲਦਾ ਹੈ। ਖੈਰ ਰਾਜਨੀਤੀ ਹੈ ਵੀ ਤਾਂ ਇਸੀ ਸ਼ਹਿ ਦਾ ਨਾਂ।

ਗੀਤ ਦੇ ਵੀਡੀਓ ਵਿੱਚ ਇੱਕ ਮੰਤਰੀ ਜੋ ਆਪਣੀ ਕੁੜੀ ਨੂੰ ਜਿਤਾਉਣ ਲਈ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ, ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਉਹ ਤਰਾਂ ਤਰਾਂ ਦੇ ਦਾਅ ਲਾਉਂਦੇ ਹਨ ਪਰ ਉਨਾਂ ਦਾ ਸਾਹਮਣਾ ਇੱਕ ਸਾਫ ਛਵੀ ਵਾਲੇ ਨੌਜੁਆਨ ਨੇਤਾ ਨਾਲ ਹੁੰਦਾ ਹੈ ਅਤੇ ਉਹ ਅੰਤ ਵਿੱਚ ਲੋਕਾਂ ਦੇ ਸਹਿਯੋਗ ਨਾਲ ਜਿੱਤ ਨੂੰ ਪਾ ਲੈਂਦਾ ਹੈ।ਗੱਲ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ। ਲੋਕ ਜਿੰਨੇ ਜ਼ਿਆਦਾ ਜਾਗਰੂਕ ਹੋਣਗੇ ਓਨੇ ਹੀ ਵਧੀਆ ਤਰੀਕੇ ਨਾਲ ਉਹ ਆਪਣੇ ਹੱਕਾਂ ਦਾ ਮਹਤੱਵ ਸਮਝਣਗੇ।ਵੋਟਾਂ ਵੇਲੇ ਲੋਕ ਇੱਕ ਦਾਰੂ ਦੀ ਬੋਤਲ ਬਦਲੇ ਆਪਣਾ ਕੀਮਤੀ ਵੋਟ ਵੇਚ ਦਿੰਦੇ ਹਨ ਫੇਰ ਓਹੀ ਭ੍ਰਿਸ਼ਟ ਨੇਤਾ 5 ਸਾਲ ਓਹਨਾ ਹੀ ਵੋਟਰਾਂ ਦਾ ਖੂਨ ਚੂਸਦੇ ਹਨ।"ਸਾਨੂੰ ਜੋ ਖਰੀਦ ਲੈਣ ਸੋਹਣੀਏ, ਹਲੇ ਤੱਕ ਬਣੇ ਨਾ ਓ ਨੋਟ ਨੀ" ਗਾਣੇ ਦੇ ਹਰ ਇੱਕ ਸ਼ਬਦ ਨੂੰ ਧਰਾਤਲ ਪੱਖ ਦੇਖ ਕੇ ਲਿਖਿਆ ਗਿਆ ਹੈ। ਜ਼ਮੀਰ ਵੇਚ ਕੇ ਕੋਈ ਵੀ ਰਾਤੋਂ ਰਾਤ ਅਮੀਰ ਬਣ ਸਕਦਾ ਹੈ ਪਰ ਸਬਰ ਸੰਤੋਖ ਕਰਨ ਵਾਲੇ ਬੰਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ।ਕਿਸੇ ਤਰਾਂ ਦੇ ‘ਨੋਟ’ਨੂੰ ਨਹੀਂ ਬਣੇ ਦੁਨੀਆਂ ਤੇ ਜੋ ਅਜਿਹੇ ਬੰਦਿਆਂ ਨੂੰ ਖਰੀਦ ਸਕਣ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਸਿਰਫ ਆਪਣਾ ਮਕਸਦ ਪੂਰਾ ਕਰਨ ਲਈ ਵਰਤੀਦੀਆਂ ਹਨ ਪਰ ਜੇ ਲੋਕ ਹੀ ਜਾਗਰੂਕ ਹੋ ਜਾਣ ਫੇਰ ਉਨਾਂ ਨੂੰ ਕੋਈ ਪਾਰਟੀ, ਨੇਤਾ ਜਾਂ ਕੋਈ ਨੋਟ ਨਹੀਂ ਖਰੀਦ ਸਕਣਗੇ। ਨਵਜੀਤ ਕਾਹਲੋਂ ਦੇ ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਲੋਕ ਲਹਿਰ ਵੱਜੋਂ ਉਭਰੇਗਾ।

ਹਰਜਿੰਦਰ ਸਿੰਘ ਜਵੰਦਾ  9463828000