ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਉਂ ਦੇ ਵਫ਼ਦ ਦੀ ਐੱਸਡੀਐਮ ਜਗਰਾਉਂ ਨਾਲ ਮੀਟਿੰਗ  

ਜਗਰਾਉਂ, 08 ਫ਼ਰਵਰੀ ( ਜਸਮੇਲ ਗ਼ਾਲਿਬ/ ਅਮਿਤ ਖੰਨਾ  ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਅੱਜ ਇਥੇ ਐਸ ਡੀ ਐਮ ਜਗਰਾਂਓ ਸ਼੍ਰੀ ਵਿਕਾਸ ਹੀਰਾ ਨੂੰ ਉਨਾਂ ਦੇ ਦਫਤਰ ਵਿਚ ਮਿਲਿਆ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਮਿਲੇ ਵਫਦ ਨੇ ਉਪਮੰਡਲ ਅਧਿਕਾਰੀ ਤੋਂ ਜੋਰਦਾਰ ਮੰਗ ਕੀਤੀ ਕਿ  ਬੀਤੇ ਦਿਨੀਂ।ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਜਗਰਾਂਓ, ਸਿੱਧਵਾਂਬੇਟ ਬਲਾਕ ਦੇ ਦਰਜਨਾਂ ਪਿੰਡਾਂ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੇ ਖਰਾਬੇ ਦੀ ਗਿਰਦਾਵਰੀ ਦੇ ਕੰਮ ਚ ਤੇਜੀ ਲਿਆਂਦੀ ਜਾਵੇ।ਵਫਦ ਨੇ ਪਿੰਡ ਮੱਲਾ ਦੇ ਪੀੜਤ ਕਿਸਾਨਾਂ ਦੇ ਹਲਫੀਆ ਬਿਆਨ ਅਤੇ ਅਗਵਾੜ ਲੋਪੋ ਦੇ ਪੀੜਤ ਕਿਸਾਨਾਂ ਦੇ ਨਾਵਾਂ ਦੀ ਸੂਚੀ ਐਸ ਡੀ ਐਮ ਹੋਰਾਂ ਨੂੰ ਪੇਸ਼ ਕਰਦਿਆਂ ਪਿੰਡ ਮੱਲਾ ਦੀ ਜਮੀਨ ਮਾਲ ਮਹਿਕਮੇ ਦੇ ਕਾਗਜਾਂ ਚ ਨਾ ਬੋਲਦੀ ਹੋਣ ਕਾਰਨ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਯੋਗ ਕਦਮ ਉਠਾਏ ਜਾਣ ਦੀ ਮੰਗ ਕੀਤੀ। ਵਫਦ ਨੇ ਪਿੰਡ ਮੱਲਾ ਦੇ ਕਿਸਾਨਾਂ ਦੇ ਕਰਜੇ ਬੀਤੇ ਸਮੇਂ ਚ ਰੱਦ ਹੋਣ ਦੇ ਪੱਤਰ ਦੀ ਨਕਲ ਵੀ ਉਪ ਮੰਡਲ ਅਫਸਰ ਨੂੰ ਸੌਂਪਦਿਆਂ ਪੀੜਤ ਕਿਸਾਨਾਂ ਨੂੰ ਉਸੇ ਤਰਾਂ ਆਲੂਆਂ ਤੇ ਫਸਲਾਂ ਦੇ ਖਰਾਬੇ ਦਾ ਮੁਆਵਜਾ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ। ਵਫਦ ਚ ਲੋਕ ਆਗੂ ਕੰਵਲਜੀਤ ਖੰਨਾ, ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,  ਮੱਲਾ ਇਕਾਈ ਪ੍ਰਧਾਨ ਇਕਬਾਲ ਸਿੰਘ ਮੱਲਾ, ਬਿਕਰ ਸਿੰਘ ਅਖਾੜਾ,ਸੁਖਦੇਵ ਸਿੰਘ ਕਾਓਂਕੇ,ਦਲਜੀਤ ਸਿੰਘ ਰਸੂਲਪੁਰ ਸਮੇਤ ਵੱਡੀ ਗਿਣਤੀ ਚ ਕਿਸਾਨ ਹਾਜਰ ਸਨ। ਯਾਦ ਰਹੇ ਕਿਸਾਨ ਜਥੇਬੰਦੀਆਂ ਵਲੋਂ ਪਹਿਲੇ ਦਿਨ ਤੋਂ ਹੀ ਫਸਲਾਂ ਦੇ ਖਰਾਬੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਧਰਨਿਆਂ ਮੁਜਾਹਰਿਆਂ ਰਾਹੀ  ਪੈਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਯੂਨੀਅਨ ਦੇ ਵਫਦ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕਰਨ ਉਪਰੰਤ ਨੁਕਸਾਨ ਦੇ ਸਰਵੇਖਣ ਦੇ ਹੁਕਮ ਜਾਰੀ ਹੋਏ । ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਦੇ ਮਾਮਲੇ ਨੂੰ ਜਲਦੀ ਨਿਪਟਾਉਣ ਦੀ ਗੁਹਾਰ ਲਗਾਈ ਹੈ।