ਚੋਣ ਸਰਵੇਖਣਾਂ ਤੋਂ ਸਾਵਧਾਨ! ✍️ ਸਲੇਮਪੁਰੀ ਦੀ ਚੂੰਢੀ

- ਦੋਸਤੋ!
 ਵੋਟਾਂ ਪੈਣ ਦੀਆਂ ਘੜੀਆਂ ਬਹੁਤ ਨੇੜੇ ਆ ਰਹੀਆਂ ਹਨ, ਜਿਸ ਕਰਕੇ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਦੇ ਉਮੀਦਵਾਰ /ਆਗੂ ਤੁਹਾਨੂੰ ਆ ਕੇ ਬਹੁਤ ਲਾਡ ਲੁਡਾਉਣਗੇ, ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਣਗੇ, ਤੁਹਾਡੇ ਪਰਿਵਾਰਾਂ ਦੀਆਂ ਔਰਤਾਂ ਨੂੰ ਧੀ, ਭੈਣ, ਭੂਆ ਜੀ, ਬੇਬੇ ਜੀ, ਬੇਟੀ ਜੀ ਤੇ ਮਰਦਾਂ ਨੂੰ ਬਾਪੂ ਜੀ, ਚਾਚਾ ਜੀ, ਤਾਇਆ ਜੀ, ਫੁੱਫੜ ਜੀ, ਭਰਾ ਜੀ, ਵੀਰ ਜੀ ਤੇ ਬੇਟਾ ਜੀ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕਰਨਗੇ, ਵੋਟਾਂ ਦੇ ਦਿਨਾਂ ਵਿਚ ਤੁਹਾਡੇ ਨਾਲ ਉਮੀਦਵਾਰਾਂ ਦੀਆਂ ਗੂਹੜੀਆਂ ਰਿਸ਼ਤੇਦਾਰੀਆਂ ਵੀ ਸਾਹਮਣੇ ਆਉਣਗੀਆਂ, ਪਰ ਤੁਸੀਂ ਆਪਣੇ ਪਿੰਡੇ 'ਤੇ ਹੰਢਾਈਆਂ ਸੱਟਾਂ ਤੇ ਦਰਦ ਨੂੰ, ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਸਮੇਤ ਸਮੁੱਚੇ ਸਮਾਜ ਦੇ ਭਵਿੱਖ ਨੂੰ ਅਣਗੌਲਿਆ ਨਾ ਕਰਨਾ।
ਦੋਸਤੋ!
ਆਪਣੇ ਅਤੇ ਆਪਣੇ ਪਰਿਵਾਰ ਸਮੇਤ ਸਮੁੱਚੇ ਸਮਾਜ ਦੇ ਉੱਜਲ ਭਵਿੱਖ ਲਈ ਚੋਣ ਸਰਵੇਖਣਾਂ ਉਪਰ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ, ਕਿਉਂਕਿ ਚੋਣ ਸਰਵੇਖਣ ਕਰਵਾਉਣ ਲਈ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਵਲੋਂ ਭਾੜੇ ਦੀਆਂ ਏਜੰਸੀਆਂ / ਪੱਤਰਕਾਰਾਂ ਨੂੰ ਆਪਣੀ ਮੁੱਠੀ ਵਿੱਚ  ਰੱਖਿਆ ਹੋਇਆ ਹੈ, ਇਸ ਲਈ ਤੁਸੀਂ ਆਪਣੇ ਦਿਮਾਗ ਨਾਲ ਸੋਚ ਸਮਝ ਕੇ ਉਸ ਉਮੀਦਵਾਰ ਨੂੰ ਵੋਟ ਦੇਣਾ, ਜਿਹੜਾ ਤੁਹਾਡੇ ਪਰਿਵਾਰ ਅਤੇ ਸਮਾਜ ਲਈ ਵਰਦਾਨ ਬਣ ਸਕੇ।
ਦੋਸਤੋ! ਇੱਕ ਗੱਲ ਹੋਰ ਧਿਆਨ ਵਿਚ ਰੱਖਿਓ!!
 ਉਮੀਦਵਾਰਾਂ ਵਲੋਂ  ਤੁਹਾਨੂੰ ਦਿੱਤੀ ਸ਼ਰਾਬ ਦੀ ਇਕ ਬੋਤਲ, 500 ਰੁਪਏ ਜਾਂ ਵੱਧ ਤੋਂ ਵੱਧ 1000 ਰੁਪਏ ਦਿੱਤੇ, ਤੁਹਾਡੀ ਔਕਾਤ ਬਣ ਕੇ ਰਹਿ ਜਾਵੇਗੀ, ਪੰਜ ਸਾਲ ਤੁਸੀਂ ਮਰ ਮਰ ਕੇ ਜੀਣ ਲਈ ਮਜਬੂਰ ਹੋਵੋਗੇ! ਤੁਹਾਨੂੰ ਰੱਜ ਕੇ ਭੰਡਿਆ ਜਾਵੇਗਾ! ਇਸ ਲਈ ਆਪਣੀ ਵੋਟ ਦੀ ਕੀਮਤ ਪਛਾਣਦਿਆਂ ਬਹੁਤ ਹੀ ਸਮਝਦਾਰੀ ਨਾਲ ਸਹੀ ਉਮੀਦਵਾਰ ਦੀ ਚੋਣ ਕਰਨੀ। ਸਿਆਸੀ ਲੀਡਰ ਤਾਂ ਕਈ ਕਈ ਕਰੋੜ ਰੁਪਈਆਂ ਵਿਚ ਵਿਕਦੇ ਨੇ! ਫਿਰ ਵੀ ਉਹ ਬਦਨਾਮ ਨਹੀਂ ਹੁੰਦੇ, ਉਨ੍ਹਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪੈਂਦੇ ਨੇ! ਪਰ ਤੁਸੀਂ ਸ਼ਰਾਬ ਇੱਕ ਬੋਤਲ ਜਾਂ 500 ਰੁਪਏ ਲੈ ਕੇ ਬਦਨਾਮ ਹੋ ਜਾਂਦੇ ਹੋ।
ਦੋਸਤੋ! ਜਦੋਂ ਤੱਕ ਤੁਸੀਂ ਆਪਣੀਆਂ ਕੀਮਤੀ ਵੋਟਾਂ ਨਾਲ ਗਲਤ ਉਮੀਦਵਾਰਾਂ ਨੂੰ ਚੁਣ ਕੇ ਵਿਧਾਇਕ / ਮੈਂਬਰ ਲੋਕ ਸਭਾ ਬਣਾਉਂਦੇ ਰਹੋਗੇ, ਉਦੋਂ ਤਕ ਮਾਰਾਂ ਝੱਲ ਦੇ ਰਹੋਗੇ! ਇਸ ਲਈ ਦੋਸਤੋ! ਆਪਣੀ ਵੋਟ ਪਾਉਂਦੇ ਸਮੇਂ ਚੋਣ ਸਰਵੇਖਣਾਂ ਉਪਰ ਵਿਸ਼ਵਾਸ ਕਰਨ ਤੋਂ ਗੁਰੇਜ ਕਰਨਾ। ਸ਼ਰਾਬ ਦੀ ਬੋਤਲ ਵਿਚੋਂ ਆਪਣੇ ਉੱਜਲ ਭਵਿੱਖ ਦੀ ਆਸ ਨਾ ਰੱਖਿਓ!
ਦੋਸਤੋ! ਸ਼ਰਾਬ ਦੇ ਨਾਲ ਨਾਲ ਭੁੱਕੀ ਵੀ ਚੱਲੂ ਤੇ ਚਿੱਟਾ ਵੀ ਚੱਲੂ, ਪਰ ਤੁਸੀਂ ਪਾਸਾ ਵੱਟ ਕੇ ਲੰਘ ਜਾਓ! ਤੁਹਾਡੀ ਇੱਕ ਇੱਕ ਵੋਟ ਦੀ ਮਹੱਤਤਾ ਹੈ, ਇਸ ਲਈ ਤੁਸੀਂ ਆਪਣੀ ਵੋਟ ਦੀ ਕੀਮਤ ਨੂੰ ਪਛਾਣਦਿਆਂ ਚੰਗੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ।
-ਸੁਖਦੇਵ ਸਲੇਮਪੁਰੀ
09780620233
6 ਫਰਵਰੀ, 2022.