ਜਗਰਾਉਂ , 0 4 ਫਰਵਰੀ (ਜਸਮੇਲ ਗ਼ਾਲਿਬ )ਜਗਰਾਂਓ ਸਿੱਧਵਾਂਬੇਟ ਇਲਾਕੇ ਚ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਦਰਜਨਾਂ ਪਿੰਡਾਂ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੀ ਫਸਲ ਦੇ ਭਾਰੀ ਨੁਕਸਾਨ ਦੇ ਮੁਆਵਜੇ ਦੀ ਪੂਰਤੀ ਲਈ ਕਿਸਾਨਾਂ ਚ ਭਾਰੀ ਹਾਹਾਕਾਰ ਮਚੀ ਹੋਈ ਹੈ। ਇਕ ਅੰਦਾਜ਼ੇ ਮੁਤਾਬਿਕ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਮਾਨਸਿਕ ਪੀੜਾ ਝਲ ਰਹੇ ਕਿਸਾਨਾਂ ਨੇ ਐਸ ਡੀ ਐਮ ਜਗਰਾਂਓ ਦਫਤਰ ਅੱਗੇ ਦੋ ਧਰਨੇ ਦੇ ਕੇ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਦੀ ਮੰਗ ਉਠਾਈ। ਪਰ ਇਸ ਮਾਮਲੇ ਚ ਪ੍ਰਸਾਸ਼ਨ ਦੀ ਢਿੱਲ ਮਠ ਤੇ ਵਿਧਾਨਸਭਾ ਚੋਣਾਂ ਦੇ ਦਬਾਅ ਦੇ ਚਲਦਿਆਂ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਉਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਪੁੱਜਾ।ਡੀ ਸੀ ਲੁਧਿਆਣਾ ਦੀ ਗੈਰਹਾਜ਼ਰੀ ਚ ਵਫਦ ਨੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਏ ਡੀ ਸੀ ਸ਼੍ਰੀ ਰਾਹੁਲ ਚੱਬਾ ਨਾਲ ਇਸ ਮਾਮਲੇ ਤੇ ਲਿਖਤੀ ਮੰਗਪੱਤਰ ਪੇਸ਼ ਕਰਦਿਆਂ ਗਲਬਾਤ ਕੀਤੀ। ਏ ਡੀ ਸੀ ਸ਼੍ਰੀ ਚੱਬਾ ਨੇ ਦੱਸਿਆ ਕਿ ਇਸ ਮਾਮਲੇ ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਡਿਪਟੀ ਕਮਿਸ਼ਨਰ ਦਫਤਰ ਵਲੋਂ ਅੱਜ ਜਾਰੀ ਕਰ ਦਿੱਤੇ ਗਏ ਹਨ। ਸਬੰਧਤ ਤਹਿਸੀਲਦਾਰਾ ਰਾਹੀਂ ਇਕ ਦੋ ਦਿਨ ਦੇ ਵਿਚ ਵਿਚ ਗਿਰਦਾਵਰੀ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਸਮੇਂ ਪਿੰਡ ਮੱਲਾ ਦੀ ਮੁਰੱਬਾਬੰਦੀ ਨਾ ਹੋਣ ਕਾਰਣ ਗਿਰਦਾਵਰੀ ਦੇ ਅਮਲ ਸਬੰਧੀ ਦਿੱਕਤ ਵੀ ਜਿਲਾ ਅਧਿਕਾਰੀ ਦੇ ਧਿਆਨ ਚ ਲਿਆਂਦੀ ਗਈ। ਵਫਦ ਨੇ ਜਗਰਾਂਓ ਦੇ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੋਹਰ ਸਿੰਘ ਹਰਗੋਬਿੰਦ ਪੁਰਾ ਨੂੰ ਅਜੇ ਤਕ ਪੰਜ ਲੱਖ ਰੁਪਏ ਦਾ ਮੁਆਵਜੇ ਦਾ ਚੈਕ ਨਾ ਮਿਲਣ ਪ੍ਰਤੀ ਤੇ ਬਾਕੀ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਅਜੇ ਤਕ ਨੌਕਰੀ ਨਾ ਮਿਲਣ ਸਬੰਧੀ ਵੀ ਰੋਸ ਦਾ ਇਜ਼ਹਾਰ ਕੀਤਾ ਗਿਆ। ਵਫਦ ਨੇ ਕਰੋਨਾ ਦੀ ਆੜ ਚ ਬੰਦ ਸਕੂਲ ਤੁਰੰਤ ਖੋਲੇ ਦੀ ਵੀ ਮੰਗ ਕਰਦਿਆਂ ਕਿਹਾ ਕਿ ਦੋ ਸਾਲ ਤੋਂ ਬੱਚਿਆਂ ਦੀ ਪੜਾਈ ਦਾ ਬੇਹਦ ਨੁਕਸਾਨ ਹੋ ਰਿਹਾ ਹੈ। ਦੇਸ਼ ਦੇ ਦੂਜੇ ਰਾਜਾਂ ਚ ਸਕੂਲ ਖੁਲ ਗਏ ਹਨ ਤਾਂ ਪੰਜਾਬ ਸਰਕਾਰ ਨੂੰ ਵੀ ਤੁਰੰਤ ਸਕੂਲ ਖੋਲਣ ਦਾ ਫੈਸਲਾ ਲੈਣਾ ਚਾਹੀਦਾ ਹੈ। ਵਫਦ ਨੇ ਕਿਹਾ ਕਿ ਨਾ ਦੀ ਹਾਲਤ ਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 7 ਫਰਵਰੀ ਨੂੰ ਦੋ ਘੰਟੇ ਲਈ ਮਜਬੂਰਨ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਮ ਜਗਰਾਂਓ, ਰਾਏਕੋਟ, ਸਿੱਧਵਾਂਬੇਟ, ਹੰਬੜਾਂ, ਸੁਧਾਰ ਵਿਖੇ ਦੁਪਹਿਰ 12 ਵਜੇ ਤੋਂ ਦੋ ਵਜੇ ਤਕ ਜਾਮ ਲਗਾਏ ਜਾਣਗੇ।ਇਸ ਸਮੇਂ ਵਫਦ ਚ ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ, ਤਰਸੇਮ ਸਿੰਘ ਬੱਸੂਵਾਲ, ਬੇਅੰਤ ਸਿੰਘ ਬਾਣੀਏਆਲ ਆਦਿ ਆਗੂ ਹਾਜ਼ਰ ਸਨ।