ਬਰਨਾਲਾ /ਮਹਿਲ ਕਲਾਂ- 04 ਫ਼ਰਵਰੀ- (ਗੁਰਸੇਵਕ ਸੋਹੀ)- ਕਰੋਨਾ ਦੀ ਆੜ ਵਿੱਚ ਕੀਤੇ ਬੰਦ ਸਕੂਲਾਂ ਦੇ ਵਿਰੋਧ ਵਿੱਚ ਲੋਕਾਂ ਅਤੇ ਅਧਿਆਪਕਾਂ ਵਿੱਚ ਵਿਰੋਧ ਉੱਠ ਰਿਹਾ ਹੈ, ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਮੂੰਮ ਵਿਖੇ ਸੰਬੋਧਨ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਵਿੱਤ ਸਕੱਤਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਪੰਜਾਬ ਵਿਚ ਵੋਟਾਂ ਦੇ ਮੱਦੇਨਜ਼ਰ ਰਾਜਨੀਤਕ ਲੋਕਾਂ ਵੱਲੋਂ ਬਹੁਤ ਵੱਡੇ ਇਕੱਠ ਕੀਤੇ ਜਾ ਰਹੇ ਹਨ। ਪੈਲਸਾਂ ਵਿੱਚ ਵਿਆਹ ਨਾਲ ਸਬੰਧਤ ਹਜ਼ਾਰ ਬਾਰਾਂ ਸੋ ਤੱਕ ਦੇ ਇਕੱਠ ਹੋ ਰਹੇ ਹਨ। ਬਜ਼ਾਰਾਂ ਵਿਚ ਕਿਸੇ ਕਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਕਰੋਣਾ ਦੀ ਆੜ ਵਿੱਚ ਕੇਵਲ ਤੇ ਕੇਵਲ ਸਕੂਲਾਂ ਅਤੇ ਕਾਲਜਾਂ ਨੂੰ ਹੀ ਬੰਦ ਕੀਤਾ ਹੋਇਆ ਹੈ। ਸਰਕਾਰਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਹੁਣ ਲੋਕ ਬਾਖੂਬੀ ਸਮਝਣ ਲੱਗ ਪਏ ਹਨ ਕਿ ਕਾਰਪੋਰੇਟ ਸੈਕਟਰ ਦੀਆਂ ਦਲਾਲ ਸਰਕਾਰਾਂ ਸਾਡੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾਉਣ ਲਈ ਸਕੂਲਾਂ ਨੂੰ ਬੰਦ ਕਰ ਰਹੀਆਂ ਹਨ। ਬੰਦ ਸਕੂਲਾਂ ਦੇ ਵਿਰੋਧ ਵਿੱਚ ਇੱਥੇ ਲੋਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੂੰਮ ਅੱਗੇ ਰੋਸ ਪ੍ਰਦਰਸ਼ਨ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਵਿਦਿਆਰਥੀ ਪੜ੍ਹ ਸਕਣ। ਬੁਲਾਰਿਆਂ ਨੇ ਇਹ ਵੀ ਕਿਹਾ ਅੱਜ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੇਕਰ ਸਰਕਾਰ ਆਪਣੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 7 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਜਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਮੇਂ ਅਧਿਆਪਕ ਕਰਮਜੀਤ ਸਿੰਘ, ਪਰਦੀਪ ਕੌਰ, ਜਸਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬੱਗਾ ਸਿੰਘ, ਮੈਹਣ ਸਿੰਘ,ਭਿੰਦਾ ਸਿੰਘ,ਕਾਕਾ ਸਿੰਘ,ਲੱਖਾ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।