ਰੋਪੜ ਥਰਮਲ ਪਲਾਂਟ ਦੇ ਉਜਾੜੇ ਵਿਰੁੱਧ ਸੰਘਰਸ਼ ਦੇ ਅਖਾੜੇ ਮਘਾਉਣ ਦਾ ਸੱਦਾ

ਜਲੰਧਰ, 30 ਜਨਵਰੀ— ( ਜਸਮੇਲ ਗ਼ਾਲਿਬ ) ਬਠਿੰਡਾ ਥਰਮਲ ਪਲਾਂਟ ਉਜਾੜ ਕੇ ਹਜਾਰਾਂ ਲੋਕਾਂ ਦਾ ਰੁਜਗਾਰ ਖੋਹ ਕੇ ਅਤੇ ਥਰਮਲ ਪਲਾਂਟ ਦੀ 1750 ਏੇਕੜ ਜਮੀਨ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਨਿਆਂ ਨੂੰ ਸੌਂਪਣ ਤੋਂ ਬਾਅਦ ਸਰਕਾਰ ਰੋਪੜ ਥਰਮਲ ਪਲਾਂਟ ਦਾ ਉਜਾੜਾ ਕਰਨ ਜਾ ਰਹੀ ਹੈ।ਰੋਪੜ ਥਰਮਲ ਪਲਾਂਟ ਦੇ ਉਜਾੜੇ ਨਾਲ ਜਿਥੇ ਉਥੇ ਕੰਮ ਕਰਦੇ ਹਜਾਰਾਂ ਲੋਕ ਬੇਰੁਜਗਾਰ ਹੋ ਜਾਣਗੇ ਉਥੇ ਬਿਜਲੀ ਮਹਿੰਗੀ ਹੋਣ ਨਾਲ ਲੋਕਾਂ ਦੀ ਜੇਬਾਂ ਤੇ ਭਾਰੀ ਬੋਝ ਪਵੇਗਾ।ਇਸ ਲਈ ਸਮੂਹ ਬਿਜਲੀ ਮੁਲਾਜਮਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਰੋਪੜ ਥਰਮਲ ਪਲਾਂਟ ਦੇ ਉਜਾੜੇ ਵਿਰੁੱਧ 01—02—2022 ਨੂੰ ਰੋਪੜ ਥਰਮਲ ਦੇ ਗੇਟ ਅੱਗੇ ਰੱਖੀ ਰੈਲੀ ਵਿਚ ਪਰਿਵਾਰਾਂ ਸਮੇਤ ਪਹੁੰਚਣਾ ਚਾਹੀਦਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਅਤੇ ਸੂਬਾ ਪ੍ਰਧਾਨ ਸਾਥੀ ਭਰਪੂਰ ਸਿੰਘ ਮਾਂਗਟ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ ਹੈ।
ਮੁਲਾਜਮ ਆਗੂਆਂ ਨੇ ਅੱਗੇ ਕਿਹਾ ਕਿ ਇਕ ਪਾਸੇ ਚੋਣ ਦਗੰਲ ਵਿਚ ਸਾਮਲ ਸਾਰੀਆਂ ਪਾਰਟੀਆਂ ਵਿਕਾਸ ਦੀ ਗੱਲ ਕਰਦੀਆਂ ਹਨ ਦੂਸਰੇ ਪਾਸੇ ਰੋਪੜ ਥਰਮਲ ਦੇ ਉਜਾੜੇ ਵਿਰੁਧ ਉਨਾਂ ਚੁਪ ਧਾਰੀ ਹੋਈ ਹੈ।ਹਕੁਮਤੀ ਕੁਰਸੀ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਪਾਰਟੀਆਂ ਦੀ ਚੁੱਪ ਇਹ ਸਾਬਤ ਕਰਦੀ ਹੈ ਕਿ ਇਨਾਂ ਦਾ ਵਿਕਾਸ ਮਾਡਲ ਲੋਕਾਂ ਦਾ ਉਜਾੜਾਂ ਕਰਕੇ ਮੁੱਠੀ ਭਰ ਜੋਕਾਂ ਦਾ ਵਿਕਾਸ ਮਾਡਲ ਹੈ।ਇਸ ਲੋਕ ਧ੍ਰੋਹੀ ਵਿਕਾਸ ਮਾਡਲ ਦੀ ਹਕੀਕਤ ਬਠਿੰਡਾ ਅਤੇ ਰੋਪੜ ਵਰਗੇ ਸਰਕਾਰੀ ਥਰਮਲ ਬੰਦ ਕਰਕੇ ਰੁਜਗਾਰ ਦਾ ਉਜਾੜਾ ਕਰਨਾ ਹੈ।ਰਾਜਪੁਰਾ ਅਤੇ ਗੋਇੰਦਵਾਲ ਵਰਗੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨਾ ਹੈ।
ਮੁਲਾਜਮ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਾਹਾਕਿਆਂ ਤੋਂ ਜਾਰੀ ਇਸ ਅਖੌਤੀ ਵਿਕਾਸ ਦਾ ਨਤੀਜਾ ਹੈ ਕਿ ਕਿਸਾਨ ਖੁਦਕਸੀਆਂ ਕਰ ਰਹੇ ਹਨ।ਬੇਰੁਜਗਾਰੀ ਸਿ਼ਖਰਾਂ ਛੋਹ ਰਹੀ ਹੈ।ਪਹਿਲਾਂ ਤੋਂ ਹੀ ਸੁੰਗੜੀ ਘਰੇਲੂ ਸਨਅਤ ਦਾ ਉਜਾੜਾ ਹੋ ਰਿਹਾ ਹੈ।ਸਰਕਾਰੀ ਅਦਾਰੇ ਖਤਮ ਹੋਣ ਨਾਲ ਪੱਕੇ ਰੁਜਗਾਰ ਦੇ ਮੌਕੇ ਅਤੇ ਲੋਕਾਂ ਨੂੰ ਮਿਲਦੀਆਂ ਬਿਜਲੀ,ਪਾਣੀ,ਵਿਦਿਆ ਅਤੇ ਸਿਹਤ ਵਰਗੀਆਂ ਨਿਗੁਣੀਆਂ ਸਹੂਲਤਾਂ ਦਾ ਭੋਗ ਪੈ ਰਿਹਾ ਹੈ।ਪਵਨ ਪਾਣੀ ਪਲੀਤ ਹੋਣ ਨਾਲ ਕੈਂਸਰ ਕਾਲਾ ਪੀਲੀਆ ਅਤੇ ਕਰੋਨਾ ਵਰਗੀਆਂ ਮਹਾਮਾਰੀਆਂ ਫੈਲ ਰਹੀਆਂ ਹਨ।ਸਾਲ 2021 ਦੌਰਾਨ ਜਿਥੇ 15 ਕਰੋੜ ਲੋਕ ਬੇੇਰੁਜਗਾਰ ਹੋਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਧੱਕੇ ਗਏ ਉਥੇ ਖਰਬਪਤੀਆਂ ਦੀ ਗਿਣਤੀ 120 ਤੋਂ ਵੱਧ ਕੇ 142 ਹੋ ਗਈ ਹੈ।ਸਾਫ ਹੈ ਕਿ ਰੰਗ ਬਦਲ ਬਦਲ ਕੇ ਆਉਂਦੇ ਹਾਕਮਾਂ ਵੱਲੋਂ ਲਾਗੂ ਕੀਤੇ ਜਾ ਰਹੇ ਵਿਕਾਸ ਮਾਡਲ ਕਾਰਨ ਮਜਦੂਰਾਂ,ਮੁਲਾਜਮਾਂ,ਕਿਸਾਨਾ ਅਤੇ ਹੋਰ ਮੇਹਨਤਕਸ ਲੋਕਾਂ ਦਾ ਉਜਾੜਾ ਹੋ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਚੋਣਾਂ ਦੇ ਇਸ ਭਖੇ ਤਪੇ ਮਹੌਲ ਅੰਦਰ ਮਜਦੂਰਾਂ ਮੁਲਾਜਮਾਂ ਅਤੇ ਕਿਸਾਨਾਂ ਦੇ ਬੁਨਿਆਦੀ ਮੁੱਦੇ ਨਦਾਰਦ ਹਨ।ਚੋਣ ਦੰਗਲ ਵਿਚ ਸਾਮਲ ਪਾਰਟੀਆਂ ਲੋਕਾਂ ਨੂੰ ਵੰਡਣ ਪਾੜਣ ਲਈ ਭਰਮਾਉ ਭਟਕਾਉ ਮੁੱਦੇ ਉਭਾਰ ਰਹੀਆਂ ਹਨ।ਲੋਕਾਂ ਨੂੰ ਲਾਰੇ ਲੱਪੇ ਲਾ ਰਹੀਆਂ ਹਨ।ਪਰ ਚੋਣਾਂ ਸਮੇਂ ਸਰਕਾਰ ਵੱਲੋਂ ਰੋਪੜ ਥਰਮਲ ਦਾ ਉਜਾੜਾ ਕਰਨਾ ਅਤੇ ਸਾਰੀਆਂ ਪਾਰਟੀਆਂ ਦਾ ਇਸ ਮਾਮਲੇ ਤੇ ਚੁੱਪੀ ਇਹ ਸਾਬਤ ਕਰਦੀ ਹੈ ਕਿ ਸਰਕਾਰੀ ਥਰਮਲਾਂ ਵਰਗੇ ਪਬਲਿਕ ਸੈਕਟਰ ਨੂੰ ਉਜਾੜ ਕੇ ਇਹ ਖੇਤੱਰ ਦੇਸੀ ਵਿਦੇਸੀ ਕਾਰਪੋਰੇਟ ਲੁਟੇਰਿਆਂ ਨੂੰ ਲੁਟਾਉਣ ਲਈ ਇਸ ਸਾਰੇ ਸਹਿਮਤ ਹਨ।ਇਹ ਇਨਾਂ ਦਾ ਸਰਬ ਸਾਂਝਾ ਪੋ੍ਰਗਰਾਮ ਹੈ।
ਮੁਲਾਜਮ ਆਗੁਆਂ ਨੇ ਸਮੂਹ ਬਿਜਲੀ ਮੁਲਾਜਮਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਅਪਣੇ ਰੁਜਗਾਰ ਅਤੇ ਬੱਚਿਆਂ ਦੇ ਭਵਿੱਖ ਦੀ ਰਾਖੀ ਲਈ ਸਘਰਸ਼ਾਂ ਤੋ ਬਿਨਾ ਹੋਰ ਕੋਈ ਰਾਹ ਨਹੀ ਹੈ।ਇਸ ਲਈ ਸਰਕਾਰਾਂ ਤੋਂ ਭਲੇ ਦੀ ਝਾਕ ਛੱਡ  ਕੇ ਸੰਘਰਸ਼ਾਂ ਦੇ ਮੈਦਾਨ ਵਿਚ ਨਿਤਰਨਾ ਚਾਹੀਦਾ।01—02—2022 ਨੂੰ ਰੋਪੜ ਥਰਮਲ ਦੇ ਗੇਟ ਅੱਗੇ ਹੋ ਰਹੇ ਵਿਸਾਲ ਪ੍ਰਦਰਸਨ ਵਿਚ ਸਾਮਲ ਹੋ ਕੇ ਅਪਣੇ ਰੋਹ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। 
(ਪ੍ਰਮੋਦ ਕੁਮਾਰ)
ਜਨਰਲ ਸਕੱਤਰ
ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.)
ਪੰਜਾਬ ਰਾਜ ਬਿਜਲੀ ਬੋਰਡ
ਮੋਬਾ—9646059648