You are here

ਰਾਵੀ ਤ੍ਰੈਮਾਸਿਕ ਸਾਹਿਤਿਕ ਮੈਗਜ਼ੀਨ ਮੋਹਾਲੀ ਵਿਖੇ ਕੀਤਾ ਲੋਕ-ਅਰਪਣ

 ਮੋਹਾਲੀ , 18 ਜਨਵਰੀ  (ਪ੍ਰੋ ਬੀਰਇੰਦਰ ਸਰਾਂ)  ਬੀਤੇ ਦਿਨੀਂ ਮਿਤੀ 16 ਜਨਵਰੀ 2022 ਨੂੰ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਦੀ ਪ੍ਰਧਾਨਗੀ ਹੇਠ ਪ੍ਰੈਜ਼ੀਡੈਂਟ ਮੈਡਮ ਕੁਲਵਿੰਦਰ ਕੋਮਲ ਅਤੇ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਦੇ ਸਹਿਯੋਗ ਨਾਲ 'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ ਮੁਹਾਲੀ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸਭਾ ਵੱਲੋਂ ਤ੍ਰੈ-ਮਾਸਿਕ ਮੈਗਜ਼ੀਨ 'ਰਾਵੀ' ਨੂੰ ਲੋਕ-ਅਰਪਣ ਕੀਤਾ ਗਿਆ। 
     ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕਵੀ ਦਰਬਾਰ ਦੀ ਸ਼ੋਭਾ ਵਧਾਈ । ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਸਾਹਿਤਕਾਰਾਂ ਦਾ ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ। ਮੀਤ ਪ੍ਰਧਾਨ ਪ੍ਰੋ.ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਰੋਹ ਦੇ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਐਡਵੋਕੇਟ ਰਿਪੁਦਮਨ ਸਿੰਘ ਰੂਪ ਸਨ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ, ਐਡਵੋਕੇਟ ਰੰਜੀਵਣ ਸਿੰਘ, ਐਡਵੋਕੇਟ ਸੰਜੀਵਨ ਸਿੰਘ ਸਨ। ਇਸ ਤੋਂ ਇਲਾਵਾ ਸਮਾਰੋਹ ਵਿੱਚ ਮੈਡਮ ਤ੍ਰਿਪਤਪਾਲ ਕੌਰ ਸੰਧੂ, ਡਾ. ਟਿੱਕਾ ਜੇ.ਐਸ.ਸਿੱਧੂ,  ਸ਼੍ਰੀਮਤੀ ਰਸ਼ਮੀ ਸ਼ਰਮਾ, ਸ਼੍ਰੀਮਤੀ ਮਨਦੀਪ ਕੌਰ ਰਿੰਪੀ, ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ, ਸ੍ਰ. ਗੁਰਦਰਸ਼ਨ ਸਿੰਘ ਮਾਵੀ, ਸ੍ਰ. ਕਰਮਜੀਤ ਸਿੰਘ ਬੱਗਾ, ਸ੍ਰ. ਦਰਸ਼ਨ ਸਿੰਘ ਸਿੱਧੂ, ਸ੍ਰ. ਬੂਟਾ ਸਿੰਘ ਕਾਹਨੇ ਕੇ, ਸ਼੍ਰੀ ਸ਼ਹਿਬਾਜ਼ ਮਲਿਕ, ਸ਼੍ਰੀ ਗ਼ਾਜ਼ੀ ਸ਼ੂਐਬ ਮਲਿਕ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ, ਮੈਡਮ ਕੋਮਲ ਜੀ ਅਤੇ ਪ੍ਰੋ. ਬੀਰ ਇੰਦਰ ਸਰਾਂ ਨੇ ਬਾਖੂਬੀ ਢੰਗ ਨਾਲ ਨਿਭਾਈ। 
             ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਰੁਪਿੰਦਰ ਕੋਹਾਲਵੀ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੈਡਮ ਕੁਲਵਿੰਦਰ ਕੌਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਦੇ ਨਿਯੁਕਤੀ ਪੱਤਰ ਦਿੱਤੇ। ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਸ਼ਲਾਘਾਯੋਗ ਰਿਹਾ। ਆਖਿਰਕਾਰ ਸਮਾਰੋਹ ਵਾਹਿਗੁਰੂ ਜੀ ਦੀ ਮਿਹਰ ਸਦਕਾ ਬੁਲੰਦੀਆਂ ਛੂੰਹਦਾ ਹੋਇਆ ਆਪਣੇ ਮੁਕਾਮ ਤੱਕ ਪਹੁੰਚਿਆ।           
                   ਅੰਤ ਵਿੱਚ ਕਾਵਿ ਅਤੇ ਗੀਤ ਮਹਿਫ਼ਿਲ ਵੀ ਖ਼ੂਬ ਰੰਗ ਲਿਆਈ ਅਤੇ ਗੁਰਵੇਲ ਕੋਹਾਲਵੀ ਦੇ ਹਰਫ਼ਨਮੌਲਾ ਅੰਦਾਜ਼ ਵਿੱਚ ਗਾਏ ਗੀਤਾਂ ਨੇ ਸਾਰੇ ਦਰਸ਼ਕਾਂ ਦੇ ਦਿਲਾਂ ਨੂੰ ਬਹੁਤ ਟੁੰਭਿਆ ਅਤੇ ਉਹਨਾਂ ਨੇ ਸਭ ਪਹੁੰਚੇ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ। ਇਹ ਸਨਮਾਨ ਸਮਾਰੋਹ ਸਚਮੁੱਚ ਹੀ ਯਾਦਗਾਰੀ ਹੋ ਨਿਬੜਿਆ ਜਿਸਦੀ ਚਾਰ ਚੁਫ਼ੇਰੇ ਚਰਚਾ ਹੋ ਰਹੀ ਹੈ।