ਸਾਂਝੀ ਮੀਟਿੰਗ ਵਿੱਚ 26 ਜਨਵਰੀ ਨੂੰ ਥਾਣਾ ਸਿਟੀ ਅੱਗੇ ਪੱਕਾ ਮੋਰਚਾ ਲਾਉਣ ਦਾ ਹੋਇਆ ਐਲਾਨ 

ਅੱਜ ਤੋਂ ਇੱਕ ਹਫਤਾ ਗੁਰਿੰਦਰ ਬੱਲ, ਜਗਰਾਉਂ ਪੁਲਿਸ ਅਤੇ ਚੰਨੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ 

11 ਜਨਵਰੀ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਡੀਆਈਜੀ ਨੂੰ ਮਿਲੇਗਾ ਵਫਦ 

ਜਗਰਾਉਂ 7 ਜਨਵਰੀ (ਜਸਮੇਲ ਗ਼ਾਲਿਬ ) ਦਲਿਤ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੀਤੇ ਅੱਤਿਆਚਾਰ ਦੇ ਖਿਲਾਫ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਵੱਲੋਂ ਨਛੱਤਰ ਭਵਨ ਜਗਰਾਉਂ ਵਿਖੇ ਬੁਲਾਈ ਗਈ ਜਨਤਕ ਜਥੇਬੰਦੀਆਂ ਦੀ ਮੀਟਿੰਗ ਸਫਲ ਰਹੀ। ਮੀਟਿੰਗ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਯੂਥ ਵਿੰਗ ਕੇ.ਕੇ.ਯੂ. ਦੇ ਕਨਵੀਨਰ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਕੱਤਰ ਇੰਦਰਜੀਤ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਤੇ ਬਲਵਿੰਦਰ ਸਿੰਘ ਪੋਨਾ, ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਬੰਗਸੀਪੁਰਾ ਤੇ ਜਸ਼ਪ੍ਰੀਤ ਸਿੰਘ ਢੋਲਣ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਆਗੂ ਗੁਰਦੀਪ ਸਿੰਘ ਮੋਤੀ ਤੇ ਜਗਦੀਸ਼ ਸਿੰਘ, ਨਿਹੰਗ ਸਿੰਘ ਤਰਨਾ ਦਲ਼ ਦੇ ਮੁਖੀ ਬਾਬਾ ਸੁਖਦੇਵ ਸਿੰਘ ਤੇ ਜੱਥੇਦਾਰ ਸਤਨਾਮ ਸਿੰਘ ਤਰਨਾ ਦਲ਼, ਬਹੁਜ਼ਨ ਆਗੂ ਸੰਤ ਰਾਮ ਮੱਲੀ, ਕੈਪਟਨ ਸਾਧੂ ਸਿੰਘ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਜਬਰ ਵਿਰੋਧੀ ਫਰੰਟ ਦੇ ਕੁਲਦੀਪ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਸਾਂਝੀ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ, ਐਸਐਚਉ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ ਨੂੰ ਗ੍ਰਿਫਤਾਰੀ ਤੋਂ ਬਚਾਅ ਰਹੀ ਜਗਰਾਉਂ ਪੁਲਿਸ ਦੇ ਖਿਲਾਫ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਤਰਲੋਚਨ ਸਿੰਘ ਝੋਰੜਾਂ ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਿੰਦਰ ਬੱਲ ਨੂੰ ਸਿਆਸੀ ਪੁਸ਼ਤਪਨਾਹੀ ਕਾਰਨ ਜਗਰਾਉਂ ਪੁਲਿਸ ਬਿਸਲਾ ਰਿਪੋਰਟ ਦਾ ਬਹਾਨਾ ਬਣਾ ਕੇ ਦਰਜ ਮੁਕੱਦਮੇ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਪਰ 2005 ਵਿੱਚ ਗੁਰਿੰਦਰ ਬੱਲ ਦੁਆਰਾ ਕੁਲਵੰਤ ਕੌਰ ਤੇ ਮਾਤਾ ਛਿੰਦਰਪਾਲ ਕੌਰ ਨੂੰ ਜਗਰਾਉਂ ਥਾਣੇ ਵਿੱਚ ਸਾਰੀ ਰਾਤ ਨਜਾਇਜ ਹਿਰਾਸਤ 'ਚ ਰੱਖਣਾ ਸਾਬਿਤ ਹੋ ਚੁੱਕਾ ਹੈ। ਕੁਲਵੰਤ ਕੌਰ ਦੇ ਕਰੰਟ ਲਗਾਉਣ, ਕੁੱਟਮਾਰ ਕਰਨ ਦੀ ਛਿੰਦਰਪਾਲ ਕੌਰ ਚਸ਼ਮਦੀਦ ਗਵਾਹ ਹੈ। ਪਰ ਪੁਲਿਸ ਨਜਾਇਜ ਹਿਰਾਸਤ ਨੂੰ ਗੰਭੀਰ ਨਹੀਂ ਮੰਨ ਰਹੀ ਬੱਸ ਟਾਲਮਟੋਲ ਕਰ ਰਹੀ ਹੈ। ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਨੋਹਰ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਨੇ ਦੱਸਿਆ ਇਹ ਪੱਕਾ ਮੋਰਚਾ ਹੁਣ ਪ੍ਰਸਾਸ਼ਨ ਅਤੇ ਚੰਨੀ ਸਰਕਾਰ ਦੀ ਗਲੇ ਦੀ ਹੱਡੀ ਬਣੇਗਾ। ਉਹਨਾਂ ਕਿਹਾ ਕਿ ਗੁਰਿੰਦਰ ਬੱਲ ਨੂੰ ਸਿਆਸੀ ਸ਼ਹਿ ਦੇ ਰਹੇ ਸਿਆਸੀ ਚਿਹਰਿਆਂ ਨੂੰ ਬੇਪਰਦ ਕਰਨ ਲਈ ਪੁਲਿਸ ਜਗਰਾਉਂ ਦੇ ਨਾਲ ਹੀ ਚੰਨੀ ਸਰਕਾਰ ਦੇ ਵੀ ਅੱਜ ਤਾਂ ਇੱਕ ਹਫਤਾ ਤੱਕ ਪੁਤਲੇ ਫੂਕੇ ਜਾਣਗੇ ਅਤੇ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।