ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ਼ ਸੰਘਰਸ਼ ਹੋਵੇਗਾ ਤਿੱਖਾ!

ਜਨਤਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ - ਮਾਮਲਾ ਡੀ.ਅੈਸ.ਪੀ. ਤੇ ਹੋਰਾਂ ਦੀ ਗ੍ਰਿਫਤਾਰੀ ਦਾ

ਜਗਰਾਉਂ 6 ਜਨਵਰੀ ( ਜਸਮੇਲ ਗ਼ਾਲਿਬ) ਦਲਿਤ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਵਾਲੇ ਮੁਕੱਦਮਾ ਨੰਬਰ 0274/21 ਦੇ ਦੋਸ਼ੀ ਡੀ.ਅੈਸ.ਪੀ.ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਪੁਲਿਸ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਕਿਹਾ ਕਿ ਜਗਰਾਉਂ ਪੁਲਿਸ ਜਾਣਬੁੱਝ ਕੇ ਦੋਸ਼ੀਆਂ ਗ੍ਰਿਫ਼ਤਾਰ ਨਹੀਂ ਕਰ ਰਹੀ ਅਤੇ ਬਿਸਰਾ ਰਿਪੋਰਟ ਆਉਣ ਦਾ ਬਹਾਨਾ ਬਣਾ ਰਹੀ ਹੈ, ਜਦ ਕਿ ਆਮ ਬੰਦੇ ਨੂੰ ਤਾਂ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ ਘਰੋਂ ਚੁੱਕ ਕੇ ਥਾਣੇ ਬੰਦ ਕਰ ਦਿੰਦੀ ਹੈ। ਉਨਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਕਿਸੇ ਸਿਆਸੀ ਦਬਾਅ ਜਾਂ ਮੋਟੀ ਡੀਲ਼ ਤਹਿਤ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਅੈਲ਼ਾਨ ਕੀਤਾ ਕਿ ਪੁਲਿਸ ਦੇ ਇਸ ਪੱਖਪਾਤੀ ਵਤੀਰੇ ਖਿਲਾਫ਼ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਅਰੰਭ ਕਰਨ ਲਈ 7 ਜਨਵਰੀ ਨੂੰ ਬੱਸ ਅੱਡਾ ਜਗਰਾਉਂ ਦੀ ਪਾਰਕ ਵਿੱਚ 12 ਵਜੇ ਸਾਂਝੀ ਮੀਟਿੰਗ ਬਲਾਈ ਗਈ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਦੋਸ਼ੀ ਡੀ.ਅੈਸ.ਪੀ. ਵਲੋਂ ਜਿਥੇ ਪੀੜ੍ਹਤ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰਨ ਦਾ ਡਰ ਬਣਿਆ ਹੋਇਆ ਹੈ, ਉਥੇ ਮੁਕੱਦਮੇ ਦੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਸੰਭਾਵਨਾ ਤੋਂ ਵੀ ਇੰਨਕਾਰ ਨਹੀਂ ਕੀਤਾ ਸਕਦਾ।