ਲੋਕ ਸੇਵਾ ਸੁਸਾਇਟੀ ਵੱਲੋਂ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਦੇ ਨਾਲ ਪੰਜਾਹ ਲੇਡੀਜ਼ ਨਵੇਂ ਗਰਮ ਸੂਟ, ਦਸਤਾਨੇ ਅਤੇ ਜੁਰਾਬਾਂ ਵੰਡੀਆਂ

ਜਗਰਾਓਂ 1 ਜਨਵਰੀ (ਅਮਿਤ ਖੰਨਾ)-ਜਗਰਾਉਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਦੀ ਨਵੀਂ ਟੀਮ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਹੇਠ ਆਪਣੇ ਕਾਰਜਕਾਲ ਦੀ ਸ਼ੁਰੂਆਤ ਨਵੇਂ ਸਾਲ ਦੇ ਪਹਿਲੇ ਦਿਨ ਕਰਦਿਆਂ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਦੇ ਨਾਲ ਪੰਜਾਹ ਲੇਡੀਜ਼ ਨਵੇਂ ਗਰਮ ਸੂਟ, ਦਸਤਾਨੇ ਅਤੇ ਜੁਰਾਬਾਂ ਵੰਡੀਆਂ। ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਈ ਜੀਨਾ ਜਗਰਾਓਂ ਵਿਖੇ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਤੋਂ ਇਲਾਵਾ ਡੇਢ ਸੌ ਦਸਤਾਨੇ ਅਤੇ ਪੰਜਾਹ ਜੁਰਾਬਾਂ ਦੇ ਜੋੜੇ ਵੰਡੇ ਗਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਸੁਸਾਇਟੀ ਮੈਂਬਰਾਂ ਦੇ ਘਰਾਂ ਤੋਂ ਗਰਮ ਪੁਰਾਣੇ ਕੱਪੜੇ ਇਕੱਠੇ ਕਰ ਕੇ  ਲੋੜਵੰਦ ਵਿਅਕਤੀਆਂ ਨੂੰ ਵੱਢਣ ਦਾ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਲੋਕ ਸਰਦੀ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਪੁਰਾਣੇ ਕੱਪੜੇ ਵੰਡਣ ਦੇ ਨਾਲ ਪੰਜਾਹ ਨਵੇਂ ਗਰਮ ਲੇਡੀਜ਼ ਸੂਟ ਅਤੇ 150 ਦਸਤਾਨੇ ਤੇ 50 ਜੁਰਾਬਾਂ ਨਵੀਆਂ ਵੰਡੀਆਂ ਗਈਆਂ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਅਹਿਮ ਪ੍ਰਾਜੈਕਟ ਲਗਾ ਕੇ ਕੀਤੀ ਹੈ ਜਿਸ ਵਿਚ ਗ਼ਰੀਬ ਲੋਕਾਂ ਨੂੰ ਕੱਪੜੇ ਗਰਮ ਕੱਪੜੇ ਮਿਲੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਵਿਚ ਜਿਹੜੇ ਗਰਮ ਕੱਪੜੇ ਫ਼ਾਲਤੂ ਸਹੀ ਹਾਲਤ ਵਿੱਚ ਸਨ ਉਨ੍ਹਾਂ ਨੂੰ ਇਕੱਠੇ ਕਰ ਕੇ ਲੋੜਵੰਦਾਂ ਤਕ ਪਹੁੰਚਾਉਣ ਦਾ ਕੰਮ ਸੁਸਾਇਟੀ ਨੇ ਕੀਤਾ ਹੈ ਜਿਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਜਗਦੀਪ ਸਿੰਘ ਆਦਿ ਹਾਜ਼ਰ ਸਨ।