ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਅਜਿਹੇ ਕਾਰਜ ਜ਼ਰੂਰੀ: ਮੱਲਾ
ਜਗਰਾਉਂ 12 ਅਗਸਤ, (ਅਮਿਤ ਖੰਨਾ): ਐਸ ਬੀ ਬੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਇਲਾਕੇ ਦੇ ਸਾਬਕਾ ਵਿਧਾਇਕ ਤੇ ਪ੍ਰਸਿੱਧ ਸਮਾਜ ਸੇਵੀ ਸਰਦਾਰ ਭਾਗ ਸਿੰਘ ਮੱਲ੍ਹਾ ਨੇ ਖ਼ਾਲਸਾ ਸਕੂਲ ਨੂੰ 25000 ਰੁਪਏ ਦਾ ਚੈੱਕ ਦਿੱਤਾ ਤਾਂ ਕਿ ਲੋੜਵੰਦ ਤੇ ਆਰਥਕ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਮੌਕੇ ਸ ਭਾਗ ਸਿੰਘ ਮੱਲ੍ਹਾ ਅਤੇ ਉਨ੍ਹਾਂ ਦੇ ਸਪੁੱਤਰ ਕੰਵਲਜੀਤ ਸਿੰਘ ਮੱਲ੍ਹਾ ਨੇ ਆਖਿਆ ਕਿ ਅਜੋਕੇ ਸਮੇਂ ਅਜਿਹੇ ਕਾਰਜਾਂ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਸਕੂਲ ਫੀਸਾਂ ਨਾ ਭਰਨ ਕਰ ਕੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਫੀਸਾਂ ਖੁਣੋਂ ਆਪਣੀ ਪੜ੍ਹਾਈ ਜਾਰੀ ਰੱਖਣ ਤੋਂ ਵੰਚਿਤ ਰਹਿ ਜਾਂਦੇ ਹਨ ਤੇ ਉਨ੍ਹਾਂ ਦੀ ਪੜ੍ਹਾਈ ਆਰਥਕ ਮਜਬੂਰੀਆਂ ਕਰਕੇ ਅੱਧਵਾਟੇ ਹੀ ਦਮ ਤੋੜ ਦਿੰਦੀ ਹੈ। ਉਨ੍ਹਾਂ ਆਖਿਆ ਕਿ ਅਸੀਂ ਮੰਦਰ ਗੁਰਦੁਆਰਿਆਂ ਚ ਤਾਂ ਸੰਗਮਰਮਰ ਬਹੁਤ ਲਵਾ ਲਿਆ ਹੈ ਪਰ ਸਾਡਾ ਅਸਲੀ ਸੰਗਮਰਮਰ (ਕਮਜ਼ੋਰ ਵਿਦਿਆਰਥੀ) ਆਰਥਕ ਪੱਖੋਂ ਕਮਜ਼ੋਰ ਹੋਣ ਕਰਕੇ ਅਨਪੜ੍ਹਤਾ ਵੱਲ ਵਧ ਰਹੇ ਹਨ। ਕਿਉਂਕਿ ਉਹ ਪੈਸੇ ਬਿਨਾਂ ਆਪਣੇ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਇਸ ਕਰਕੇ ਸਾਨੂੰ ਅਜਿਹੇ ਵਿੱਦਿਅਕ ਅਦਾਰੇ ਜਿੱਥੇ ਆਰਥਕ ਪੱਖੋਂ ਕਮਜ਼ੋਰ ਵਿਦਿਆਰਥੀ ਹੀ ਪੜ੍ਹਦੇ ਹਨ ਉਨ੍ਹਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਗ਼ਰੀਬ ਪਰਿਵਾਰਾਂ ਦੇ ਬੱਚੇ ਵੀ ਪੜ੍ਹ ਲਿਖ ਕੇ ਕੁਝ ਬਣ ਸਕਣ। ਇਸ ਮੌਕੇ ਉਨ੍ਹਾਂ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਭਰਨ ਵਾਸਤੇ ਪੱਚੀ ਹਜ਼ਾਰ ਦਾ ਚੈੱਕ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਮੱਲਾ ਪਰਿਵਾਰ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਟਰੱਸਟ ਰਾਹੀਂ ਵੀ ਹਰ ਮਹੀਨੇ ਲੋੜਵੰਦਾਂ ਦੀ ਮੱਦਦ ਕਰਦਾ ਆ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸਰਦਾਰ ਭਾਗ ਸਿੰਘ ਮੱਲ੍ਹਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਵਿੱਦਿਅਕ ਅਦਾਰੇ ਸਰਦਾਰ ਭਾਗ ਸਿੰਘ ਮੱਲ੍ਹਾ, ਕੰਵਲਜੀਤ ਸਿੰਘ ਮੱਲ੍ਹਾ ਵਰਗੇ ਸੱਜਣਾ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ ਕਿਉਂਕਿ ਖਾਲਸਾ ਸਕੂਲ ਵਿਖੇ ਬਹੁਤੇ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਹੀ ਬੱਚੇ ਪੜ੍ਹਦੇ ਹਨ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਸਦਾ ਬਹਾਰ ਚੇਅਰਮੈਨ ਗੁਲਸ਼ਨ ਅਰੋਡ਼ਾ, ਯੂਥ ਅਕਾਲੀ ਆਗੂ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਜਗਦੀਪ ਸਿੰਘ, ਰਜਿੰਦਰ ਜੈਨ, ਸੱਤਪਾਲ ਦੇਹੜਕਾ, ਕਰਮ ਸਿੰਘ ਸੰਧੂ, ਸੁਖਜਿੰਦਰ ਸਿੰਘ ਢਿੱਲੋਂ, ਕੁਲਭੂਸ਼ਨ ਗੁਪਤਾ, ਲਾਕੇਸ਼ ਟੰਡਨ, ਕੰਵਲ ਕੱਕਡ਼, ਕੇਵਲ ਮਲਹੋਤਰਾ, ਵਿਨੋਦ ਬਾਂਸਲ, ਰਾਜੀਵ ਗੁਪਤਾ, ਆਰ ਕੇ ਗੋਇਲ ਤੇ ਪ੍ਰੇਮ ਬਾਂਸਲ ਆਦਿ ਹਾਜ਼ਰ ਸਨ।