ਨਵੀਂ ਦਿੱਲੀ, ਜੂਨ 2019 ਦੇਸ਼ ਵਿੱਚਲੀਆਂ ਕੁੱਲ 610 ਪਾਰਟੀਆਂ ਜਿਨ੍ਹਾਂ ਵਿੱਚ ਵੇਧੇਰੇ ਕਰਕੇ ਖੇਤਰੀ ਪਾਰਟੀਆਂ ਅਤੇ ਛੋਟੀਆਂ ਰਾਜਸੀ ਪਾਰਟੀਆਂ ਸ਼ਾਮਲ ਹਨ, ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀਆਂ। 530 ਪਾਰਟੀਆਂ ਦਾ ਵੋਟ ਫੀਸਦ ਹਿੱਸਾ ਵੀ ਸਿਫ਼ਰ ਰਿਹਾ ਹੈ। ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 13 ਪਾਰਟੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਇੱਕ-ਇੱਕ ਸੀਟ ਜਿੱਤ ਕੇ ਲੋਕ ਸਭਾ ਵਿੱਚ ਖਾਤਾ ਖੋਲ੍ਹਿਆ ਹੈ। ਇਨ੍ਹਾਂ ਤੋਂ ਇਲਾਵਾ ਜੋ ਪਾਰਟੀਆਂ ਲੋਕ ਸਭਾ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ, ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਫਾਰਵਰਡ ਬਲਾਕ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਜਨਨਾਇਕ ਜਨਤਾ ਪਾਰਟੀ (ਜੇਜੇਪੀ), ਜੰਮੂ ਅਤੇ ਕਸ਼ਮੀਰ ਡੈਮੋਕਰੇਟਿਕ ਪਾਰਟੀ, ਰਾਸ਼ਟਰੀਆ ਜਨਤਾ ਦਲ ਅਤੇ ਪੀਐੱਮਕੇ ਪ੍ਰਮੁੱਖ ਹਨ। ਇਸ ਵਾਰ ਦੇਸ਼ ਦੀਆਂ 37 ਪਾਰਟੀਆਂ ਲੋਕ ਸਭਾ ਵਿੱਚ ਆਪਣੀ ਹਾਜ਼ਰੀ ਲਵਾਉਣ ਵਿੱਚ ਕਾਮਯਾਬ ਹੋਈਆਂ ਹਨ। ਇਨ੍ਹਾਂ ਵਿੱਚੋਂ ਇਕੱਲੀ ਭਾਜਪਾ 303 ਸੀਟਾਂ ਜਿੱਤ ਗਈ ਹੈ ਅਤੇ ਕਾਂਗਰਸ ਨੂੰ 52 ਸੀਟਾਂ ਮਿਲੀਆਂ ਹਨ। ਲੋਕ ਸਭਾ ਚੋਣਾਂ ਵਿੱਚ ਜਿਨ੍ਹਾਂ ਪਾਰਟੀਆਂ ਨੇ ਸਿਰਫ ਇੱਕ-ਇੱਕ ਸੀਟ ਜਿੱਤੀ ਹੈ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਜਿਸ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਜਿੱਤਣ ਵਿੱਚ ਕਾਮਯਾਬ ਹੋਏ ਹਨ।ਇਸ ਸਾਲ ਛੇ ਕੌਮੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਭਾਜਪਾ, ਕਾਂਗਰਸ, ਬਸਪਾ, ਸੀਪੀਆਈ, ਸੀਪੀਐੱਮ ਅਤੇ ਐੱਨਸੀਪੀ ਸ਼ਾਮਲ ਹਨ, ਨੇ ਕੁੱਲ 375 ਸੀਟਾਂ ਜਿੱਤੀਆਂ ਹਨ ਜਦੋਂ ਕਿ ਸਾਲ 2014 ਵਿੱਚ ਇਨ੍ਹਾਂ ਪਾਰਟੀਆਂ ਨੇ 342 ਸੀਟਾਂ ਜਿੱਤੀਆਂ ਸਨ।