You are here

ਲੋਕ ਹੁਣ ਬਿਜਲੀ ਬਿਲਾਂ ਦਾ ਬਕਾਇਆ ਕਟਵਾਕੇ ਬਾਕੀ ਜਮਾਂ ਕਰਵਾ ਸਕਦੇ ਨੇ-ਬੀਬੀ ਮਾਣੂੰਕੇ

ਕਿਹਾ : ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫ਼ੀ 01 ਜੁਲਾਈ ਤੋਂ ਲਾਗੂ ਹੋ ਚੁੱਕੀ ਹੈ
ਜਗਰਾਉਂ, (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਨ ਅਤੇ 600 ਯੂਨਿਟ ਬਿਜਲੀ ਮੁਆਫ਼ੀ ਦਾ ਐਲਾਨ ਕਰਕੇ ਗਰੰਟੀ ਦਿੱਤੀ ਸੀ, ਉਹ ਗਰੰਟੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਬਿਜਲੀ ਖਪਤਕਾਰਾਂ ਨੂੰ ਜਾਗਰੂਕ ਕਰਦਿਆਂ ਕੀਤਾ। ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿਲਾਂ ਦੇ ਬਕਾਏ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਹਨ ਅਤੇ 01 ਜੁਲਾਈ 2022 ਤੋਂ ਲੋਕਾਂ ਨੂੰ ਪ੍ਰਤੀ ਮਹੀਨਾਂ 300 ਬਿਜਲੀ ਯੂਨਿਟ ਅਤੇ ਦੋ ਮਹੀਨੇ ਦੇ ਬਿਜਲੀ ਬਿਲ ਵਿੱਚ 600 ਯੂਨਿਟ ਬਿਜਲੀ ਮੁਆਫ਼ੀ ਲਾਗੂ ਕਰ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਬਿਜਲੀ ਬਿਲਾਂ ਦੀ ਮੁਆਫ਼ੀ ਦੇ ਇੰਤਜ਼ਾਰ ਵਿੱਚ 01 ਜਨਵਰੀ 2022 ਤੋਂ 30 ਜੂਨ 2022 ਤੱਕ ਆਪਣੇ ਬਿਜਲੀ ਬਿਲ ਜਮਾਂ ਨਹੀਂ ਕਰਵਾਏ ਸਨ, ਉਹ ਲੋਕ ਹੁਣ ਆਪਣੇ ਏਰੀਏ ਦੇ ਬਿਜਲੀ ਵਿਭਾਗ ਨਾਲ ਸਬੰਧਿਤ ਉਪ ਮੰਡਲ ਦਫਤਰ ਵਿਖੇ ਪਹੁੰਚਕੇ ਬਿਜਲੀ ਬਿਲਾਂ ਵਿੱਚੋਂ 31 ਦਸੰਬਰ 2021 ਤੱਕ ਦਾ ਬਕਾਇਆ ਕਟਵਾਕੇ ਬਾਕੀ ਪੈਸੇ ਜਮਾਂ ਕਰਵਾ ਸਕਦੇ ਹਨ। ਜੇਕਰ ਕਿਸੇ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਹੁਦੀ ਹੈ, ਤਾਂ ਉਹ ਆਪਣੇ ਏਰੀਏ ਦੇ ਬਿਜਲੀ ਮਹਿਕਮੇਂ ਦੇ ਐਸ.ਡੀ.ਓ. ਜਾਂ ਐਕਸੀਅਨ ਨੂੰ ਮਿਲਕੇ ਹੱਲ ਕਰਵਾ ਸਕਦੇ ਹਨ ਅਤੇ ਜੇਕਰ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਐਮ.ਐਲ.ਏ.ਦਫਤਰ ਵਿਖੇ ਪਹੁੰਚਕੇ ਆਪਣੀ ਸਮੱਸਿਆ ਦਾ ਸਮਾਂਧਾਨ ਕਰਵਾ ਸਕਦੇ ਹਨ। ਵਿਧਾਇਕਾ ਮਾਣੂੰਕੇ ਨੇ ਬਿਜਲੀ ਮੁਆਫ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਰ ਦੱਸਿਆ ਕਿ ਸਾਰੇ ਘਰੇਲੂ ਖਪਤਕਾਰ, ਜੋ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿੰਨ੍ਹਾਂ ਦੀ ਬਿਜਲੀ ਖਪਤ 300 ਯੂਨਿਟ ਪ੍ਰਤੀ ਮਹੀਨਾਂ ਅਤੇ 600 ਯੂਨਿਟ ਦੋ ਮਹੀਨੇ ਤੱਕ ਹੈ, ਉਹਨਾਂ ਖਪਤਕਾਰਾਂ ਲਈ ਭੁਗਤਾਨ ਬਿਜਲੀ ਬਿਲ ਜ਼ੀਰੋ ਹੋਵੇਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ, ਫਿਕਸਡ ਚਾਰਜਿਜ, ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ/ਟੈਕਸ ਆਦਿ ਨਹੀਂ ਵਸੂਲੇ ਜਾਣਗੇ। ਇਸ ਮੌਕੇ ਵਿਧਾਇਕਾ ਮਾਣੂੰਕੇ ਦੇ ਨਾਲ ਮੌਜੂਦ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ ਖਪਤਕਾਰਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਐਕਸੀਅਨ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਲੋਕ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਖੇਤੀਬਾੜੀ, ਘਰੇਲੂ ਅਤੇ ਵਪਾਰਿਕ ਕੁਨੈਕਸ਼ਨਾਂ ਦਾ ਲੋਡ ਵਧਾਕੇ ਨਿਯਮਤ ਕਰਵਾ ਸਕਦੇ ਹਨ। ਲੋਡ ਵਧਾਉਣ ਸਬੰਧੀ ਮੰਡਲ ਜਗਰਾਉਂ ਦੇ ਹਰੇਕ ਉਪ ਮੰਡਲ ਵਿੱਚ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸ.ਡੀ.ਓ.ਸਿਟੀ ਜਗਰਾਉਂ ਇੰਜ:ਗੁਰਪ੍ਰੀਤ ਸਿੰਘ ਕੰਗ, ਐਸ.ਡੀ.ਓ.ਦਿਹਾਤੀ ਜਗਰਾਉਂ ਇੰਜ:ਜਗਦੇਵ ਸਿੰਘ ਘਾਰੂ, ਐਸ.ਡੀ.ਓ.ਸਿੱਧਵਾਂ ਬੇਟ ਇੰਜ:ਪ੍ਰਭਜੋਤ ਸਿੰਘ ਉਬਰਾਏ, ਇੰਜ:ਪਰਮਜੀਤ ਸਿਘ ਚੀਮਾਂ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।

News By ;   Manjinder Gill ( 7888466199 )