You are here

ਹਿਰਾਸਤੀ ਮੌਤ-ਫ਼ਰੀਦਕੋਟ ਵਿੱਚ ਇਨਸਾਫ ਲਈ ਉੱਠੇ ਪੰਜਾਬ ਭਰ ਤੋਂ ਆਏ ਲੋਕਾਂ ਦੇ ਹਜ਼ਾਰਾਂ ਹੱਥ

ਲਾਸ਼ ਲੈਣ ਅਤੇ ਮੌਤ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ 4 ਕਿਲੋਮੀਟਰ ਲੰਬਾ ਰੋਸ ਮਾਰਚ

ਫ਼ਰੀਦਕੋਟ, ਜੂਨ 2019-( ਮਨਜਿੰਦਰ ਗਿੱਲ )- ਫ਼ਰੀਦਕੋਟ ਦੇ ਸੀ.ਆਈ.ਏ. ਸਟਾਫ ਦੀ ਹਿਰਾਸਤ ਵਿੱਚ 18 ਮਈ ਦੀ ਰਾਤ ਨੂੰ ਮਾਰੇ ਗਏ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਲੈਣ ਅਤੇ ਉਸ ਦੀ ਮੌਤ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੰਜਾਬ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਅੱਜ ਐਕਸ਼ਨ ਕਮੇਟੀ ਅਤੇ ਪੀੜਤ ਪਰਿਵਾਰਾਂ ਦੀ ਅਗਵਾਈ ਹੇਠ ਫ਼ਰੀਦਕੋਟ ਦੇ ਕਾਂਗਰਸੀ ਵਿਧਾਇਕ ਦੇ ਘਰ ਤੱਕ 4 ਕਿਲੋਮੀਟਰ ਲੰਬਾ ਰੋਸ ਮਾਰਚ ਕੀਤਾ ਅਤੇ ਵਿਧਾਇਕ ਦੇ ਘਰ ਅੱਗੇ ਸੜਕ ਜਾਮ ਕਰਕੇ ਰੋਸ ਵਿਖਾਵਾ ਕੀਤਾ।
ਪਹਿਲਾਂ ਪੰਜਾਬ ਭਰ ਤੋਂ ਆਏ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਇਕੱਤਰ ਹੋਏ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਕਰੀਬ 13 ਹਜ਼ਾਰ ਲੋਕਾਂ ਨੇ 4 ਕਿਲੋਮੀਟਰ ਲੰਬੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਵਿਧਾਇਕ ਦੇ ਘਰ ਸਾਹਮਣੇ ਰੋਸ ਵਿਖਾਵੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਜਸਪਾਲ ਕਤਲ ਕਾਂਡ ਵਿੱਚ ਪੰਜਾਬ ਸਰਕਾਰ ਦੀ ਚੁੱਪ ਸਾਜ਼ਿਸ਼ੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬੂਟਾ ਸਿੰਘ, ਜਗਮੇਲ ਸਿੰਘ ਬਠਿੰਡਾ, ਅਮੋਲਕ ਸਿੰਘ, ਪ੍ਰੀਤ ਸਿੰਘ ਪਿੰਡੀ, ਐਡਵੋਕੇਟ ਐੱਨ.ਕੇ. ਜੀਤ, ਸੁਰਜੀਤ ਫੂਲ, ਕੰਵਲਜੀਤ ਖੰਨਾ ਅਤੇ ਗਗਨ ਸੰਗਰਾਮੀ ਨੇ ਕਿਹਾ ਕਿ ਜਸਪਾਲ ਸਿੰਘ ਦੀ ਮੌਤ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਪੁਲੀਸ ਰਾਹੀਂ ਅੱਜ ਵੀ ਸੂਬੇ ਦੇ ਨੌਜਵਾਨਾਂ ਨੂੰ ਚੁੱਪ-ਚੁਪੀਤੇ ਖਪਾ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਤੇ ਸਿਆਸੀ ਗਠਜੋੜ ਸਦਕਾ ਵਾਪਰੇ ਜਸਪਾਲ ਕਤਲ ਕਾਂਡ ਖ਼ਿਲਾਫ਼ ਲੋਕ ਇੱਕਮੁੱਠ ਹੋਣ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਨਛੱਤਰ ਸਿੰਘ ਪ੍ਰੇਮੀ, ਬਲਵੰਤ ਮਖੂ, ਸੁਖਦੇਵ ਸਿੰਘ ਭੂੰਦੜੀ, ਰਛਪਾਲ ਸਿੰਘ ਭੰਗਲ ਨੇ ਕਿਹਾ ਕਿ ਜਸਪਾਲ ਸਿੰਘ ਕਤਲ ਕਾਂਡ ਵਿੱਚ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਮਲਕੀਤ ਸਿੰਘ ਬੀਹਲੇਵਾਲਾ, ਗੁਰਦਿੱਤ ਸਿੰਘ ਸੇਖੋਂ, ਸਰਬਜੀਤ ਕੌਰ ਮਚਾਕੀ, ਕਸ਼ਮੀਰ ਸਿੰਘ, ਰੁਪਿੰਦਰ ਸਿੰਘ, ਸਰਮੁੱਖ ਸਿੰਘ ਅਜਿਤਗਿੱਲ, ਰਛਪਾਲ ਸਿੰਘ, ਅਮਨਦੀਪ ਕੌਰ ਨੇ ਕਿਹਾ ਕਿ ਹਿਰਾਸਤੀ ਮੌਤ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਸਾਜ਼ਿਸ਼ਾਂ ਰਚ ਰਹੀ ਹੈ। ਸਰਕਾਰ ਮਸਲੇ ਦਾ ਹੱਲ ਕਰਨ ਦੀ ਥਾਂ ਇਸ ਨੂੰ ਲਮਕਾਉਣ ਵਿੱਚ ਲੱਗੀ ਹੋਈ ਹੈ।
ਪੁਲੀਸ ਨੇ ਰਸਤੇ ਵਿੱਚ ਰੋਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰੰਤੂ ਵਿਧਾਇਕ ਦੇ ਘਰ ਤੋਂ 200 ਮੀਟਰ ਪਹਿਲਾਂ ਨਾਕਾ ਲਾਇਆ ਹੋਇਆ ਸੀ। ਪੁਲੀਸ ਵੱਲੋਂ ਜਲ ਤੋਪਾਂ, ਅੱਥਰੂ ਗੈਸ ਆਦਿ ਦਸਤੇ ਮੌਕੇ ’ਤੇ ਬੁਲਾਏ ਗਏ ਸਨ ਅਤੇ ਰੋਸ ਮਾਰਚ ਨੂੰ ਵਿਧਾਇਕ ਦੇ ਘਰ ਤੋਂ ਪਿੱਛੇ ਹੀ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀ ਧਿਰਾਂ ਨੇ ਸੜਕ ਉੱਪਰ ਹੀ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਅੱਜ ਦੇ ਰੋਸ ਮਾਰਚ ਵਿੱਚ ਪੀੜਤ ਪਰਿਵਾਰ ਅਤੇ ਪਿੰਡ ਪੰਜਾਵਾ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। (watch on video)