You are here

ਮਾਤਾ ਦਲੀਪ ਕੌਰ ਦਿੱਲੀ ਧਰਨੇ ਤੋਂ 7 ਮਹੀਨਿਆਂ ਬਾਅਦ ਪਰਤੀ ਪਿੰਡ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨਤ         

            ਮਹਿਲ ਕਲਾਂ/ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਬਾਰਡਰ ਤੇ ਪਿੰਡ ਮਹਿਲ ਖੁਰਦ ਦੀ ਮਾਤਾ ਦਲੀਪ ਕੌਰ ਲਗਾਤਾਰ ਦਿੱਲੀ ਧਰਨੇ ਤੇ ਸੱਤ ਮਹੀਨੇ ਤੋਂ ਸੰਘਰਸ਼ ਵਿਚ ਬੈਠੀ ਹੋਈ ਅੱਜ ਵਾਪਸ ਪਿੰਡ ਪਰਤੀ ਉਨ੍ਹਾਂ ਨੂੰ  ਮਹਿਲ ਕਲਾਂ ਟੋਲ ਪਲਾਜ਼ੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਪੰਜਾਬ ਦੀਆਂ ਬੀਬੀਆਂ ਤੇ ਜੋ ਦਿਨ ਰਾਤ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਮੂੰਮ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਕ ਪੱਖੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਸਾਬਤ ਹੋਈ ਅਤੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਨੂੰ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੇਕਰ ਕੇਂਦਰ ਸਰਕਾਰ ਨੇ ਛੇਤੀਂ ਕਿਸਾਨਾਂ ਦੀ ਗੱਲ ਨਾ ਸੁਣੀ ਤਾ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ  ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਤਾਨਾਸ਼ਾਹੀ ਰੂਪ ਅਖ਼ਤਿਆਰ ਕਰ ਚੁੱਕੀ ਹੈ ਤੇ ਇਸਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਜਾਨਾਂ ਦੇ ਕੇ ਭਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਘੋਲ ਦਾ ਮੁੱਖ ਮੰਤਵ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਐੱਮਐੱਸਪੀ ਨੂੰ ਕਾਨੂੰਨੀ ਜਾਮਾ ਪਵਾਉਣਾ ਹੈ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅਖੀਰ ਦੇ ਵਿੱਚ ਉਨ੍ਹਾਂ ਸਮੂਹ ਪੰਜਾਬ ਦੀਆਂ ਬੀਬੀਆਂ ਨੂੰ ਮਾਤਾ ਦਲੀਪ ਕੌਰ ਦੀ ਤਰ੍ਹਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਇਸ ਸਮੇਂ ਉਨ੍ਹਾਂ ਨਾਲ ਜਗਰਾਜ ਸਿੰਘ, ਸਟੇਜ ਸੈਕਟਰੀ ਮਾਸਟਰ ਗੁਰਮੇਲ ਸਿੰਘ, ਅਜਮੇਰ ਮਹਿਲ ਕਲਾਂ, ਮਲਕੀਤ ਸਿੰਘ ਮਹਿਲ ਕਲਾਂ ਹਾਜ਼ਰ ਸਨ।