You are here

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲਵਪ੍ਰੀਤ ਦੇ ਪਰਵਾਰ ਨੂੰ ਮਿਲ ਕੇ ਇਨਸਾਫ ਦਾ ਭਰੋਸਾ

ਮਨੀਸ਼ਾ ਗੁਲਾਟੀ ਕਿਹਾ :ਮਾਮਲੇ ਦੀ ਹੋਵੇਗੀ ਉਚ ਪੱਧਰੀ ਜਾਂਚ,ਪੂਰੇ ਨਿਆਂ ਦਾ ਦਿਵਾਇਆ ਭਰੋਸਾ ਧੋਖਾਧੜੀ ਦੇ ਕੇਸਾਂ ਸਬੰਧੀ ਸਖਤ ਨੀਤੀ ’ਤੇ ਦਿੱਤਾ ਜ਼ੋਰ

                ਧਨੌਲਾ ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ) : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲਵਪ੍ਰੀਤ (23 ਸਾਲ) ਮਾਮਲੇ ਵਿਚ ਅੱਜ ਧਨੌਲਾ ਨੇੜੇ ਕੋਠੇ ਗੋਬਿੰਦਪੁਰਾ ਵਿਖੇ ਪੁੱਜ ਕੇ ਮਿ੍ਰਤਕ ਦੀ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਲਵਪ੍ਰੀਤ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ। ਲਵਪ੍ਰੀਤ ਦੀ ਮਾਤਾ ਰੁਪਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਲਵਪ੍ਰੀਤ ਦਾ ਇੰਝ ਚਲੇ ਜਾਣਾ ਬਹੁਤ ਦੁਖਦਾਈ ਹੈ ਅਤੇ ਖਾਸ ਕਰ ਕੇ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਲਈ ਇਹ ਡੂੰਘਾ ਸਦਮਾ ਹੈ। ਇਸ ਮੌਕੇ ਉਨਾਂ ਲਵਪ੍ਰੀਤ ਦੀ ਭੈਣ ਨਾਲ ਵੀ ਗੱਲਬਾਤ ਕੀਤੀ ਅਤੇ ਨਿਆਂ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ।
ਉਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਨਿਆਂ ਦਿਵਾਉਣ ਲਈ ਇੱਥੇ ਪਰਿਵਾਰ ਨੂੰ ਮਿਲਣ ਪੁੱਜੇ ਹਨ ਤਾਂ ਜੋ ਉਨਾਂ ਦਾ ਪੱਖ ਸੁਣਿਆ ਜਾਵੇ। ਉਨਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਤੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਖਤ ਨੀਤੀ ਦੀ ਮੰਗ ਕਰਨਗੇ ਤਾਂ ਜੋ ਵਿਦੇਸ਼ ਜਾਣ ਦੇ ਮਾਮਲਿਆਂ ਵਿਚ ਹੁੰਦੀ ਧੋਖਾਧੜੀ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਉਚ ਪੱਧਰ ’ਤੇ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਵਿਰੁੱਧ ਕਾਰਵਾਈ ਹੋਵੇਗੀ ਤੇ ਪੀੜਤਾਂ ਨੂੰ ਜ਼ਰੂਰ ਨਿਆਂ ਦਿਵਾਇਆ ਜਾਵੇਗਾ। ਉਨਾਂ ਕਿਹਾ ਕਿ ਉਹ ਕੈਨੇਡਾ ਦੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿਚ ਵੀ ਹਨ ਤਾਂ ਜੋ ਲਵਪ੍ਰੀਤ ਦੇ ਕੇਸ ਵਿਚ ਸਾਰੇ ਪੱਖਾਂ ਨੂੰ ਵਾਚਿਆ ਜਾ ਸਕੇ। ਇਸ ਮੌਕੇੇੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਅਜਿਹੇ ਮਾਮਲਿਆਂ ਦੇ ਪੀੜਤ ਵੱਡੀ ਗਿਣਤੀ ਹੋਰ ਲੋਕਾਂ ਨੂੰ ਵੀ ਮਿਲੇ, ਜਿਨਾਂ ਨੂੰ ਪੂਰੇ ਨਿਆਂ ਦਾ ਭਰੋਸਾ ਦਿੱਤਾ। ਉਨਾਂ ਪੰਜਾਬ ਦੀ ਨੌਜਵਾਨੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਧੀਆਂ-ਪੁੱਤਾਂ ਬਾਹਰ ਭੇਜਣ ਦੇ ਮਾਮਲੇ ਵਿਚ ਪੂਰੀ ਘੋਖ ਕਰਨ ਅਤੇ ਧੋਖਾਧੜੀ ਤੋਂ ਬਚਣ ਲਈ ਜਾਗੂਰਕ ਹੋਣ ਦੀ ਅਪੀਲ ਕੀਤੀ।