ਹਾਰ ਨਾਲੋਂ ਮੌਤ ਚੰਗੀ,ਸਿਰ ਨਾ ਝੁਕਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਇੱਕ ਪਾਸੇ ਹਾਕਮ ਤੇ ਦੂਜੇ ਪਾਸੇ ਹੱਕ ਏ
ਦੇਸ਼ ਨੇ ਟਕਾਈ ਅੱਜ ਦਿੱਲੀ ਉੱਤੇ ਅੱਖ ਏ
ਜਿੱਤ ਦੀ ਕਹਾਣੀ ਜਰਾ ਫੇਰ ਦੁਹਰਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਲੱਭਣਾ ਏ ਹੱਲ ਹਰ ਉਲਝੀ ਪਹੇਲੀ ਦਾ
ਕਰਨਾ ਹਿਸਾਬ ਨਾਲੇ ਅੱਜ ਗੰਗੂ ਤੇਲੀ ਦਾ
ਗੱਲਾਂ ਵਿੱਚ ਆਕੇ ਸਮਾਂ ਹੱਥੋਂ ਨਾ ਗਵਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਸ਼ਾਨ ਉੱਚੀ ਰੱਖ ਲਇਓ ਸਿਰ ਵਾਲੀ ਪੱਗ ਦੀ
ਅੱਖਾਂ ਵਿੱਚੋਂ ਲਾਟ ਲੱਭੇ ਸੀਨੇ ਵਾਲੀ ਅੱਗ ਦੀ
ਅੱਣਖਾਂ ਦਾ ਡੰਕਾ ਜਰਾ ਜੋਰ ਦੀ ਵੱਜਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਤਲਵਾਰ ਨੂੰ ਵੀ ਲੋੜ ਨਇਓਂ ਕਿਸੇ ਵੀ ਮਿਆਨ ਦੀ
ਦੇਸ਼ ਨੂੰ ਵੀ ਲੋੜ ਨਇਓਂ ਹਾਕਮ ਸ਼ੈਤਾਨ ਦੀ
ਨਵਾਂ ਇੱਕ ਹੋਰ ਇਤਿਹਾਸ ਹੀ ਬਣਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਰੱਖ ਲਿਓ ਲਾਜ਼ ਤੁਸੀਂ ਖੰਡੇ ਵਾਲੀ ਧਾਰ ਦੀ
ਪੜ੍ਹੋ ਅੱਜ ਲੋੜ ਹੈ ਜੀ ਚੰਡੀ ਵਾਲੀ ਵਾਰ ਦੀ
ਪੁਰਖਾਂ ਦੇ ਮੱਥੇ ਉੱਤੇ ਕਾਲਖ ਨਾ ਲਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਫਾਂਸੀਆਂ ਦਾ ਦੌਰ ਕਿਤੇ ਫੇਰ ਆਇਆ ਘੁੰਮ ਕੇ
ਪਾਊਗਾ 'ਰਮੇਸ਼ ਜਾਨੂੰ' ਗਲ ਰੱਸਾ ਚੁੰਮ ਕੇ
ਨਾਮ ਦਾਨ ਮੈਨੂੰ ਵੀ ਸ਼ਹੀਦਾਂ ਦਾ ਦਵਾ ਦਿਓ
ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।