You are here

ਪਿੰਡ ਮਿੱਠਾਪੁਰ ਨੇ ਬਣਾਇਆ ਇਤਿਹਾਸ 

ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਸਿੰਘ ਬਣਨਗੇ ਉਲੰਪਿਕ ਖੇਡਾਂ ਵਿੱਚ ਦੇਸ਼ ਦਾ ਤਿਰੰਗਾ ਚੁੱਕਣ ਵਾਲੇ 

ਜਲੰਧਰ 6 ਜੁਲਾਈ ( ਜਲ ਸ਼ਕਤੀ ਨਿਊਜ਼ ਬਿਊਰੋ   ) ਜਲੰਧਰ ਦੇ ਪਿੰਡ ਮਿੱਠਾਪੁਰ ਨੇ ਖੇਡਾਂ ਦੇ ਖੇਤਰ ਵਿੱਚ ਇਕ ਹੋਰ ਇਤਿਹਾਸ ਸਿਰਜਿਆ ਹੈ। ਇਹ ਪਹਿਲਾ ਮੌਕਾ ਹੈ ਕਿ ਦੇਸ਼ ਦੇ ਕਿਸੇ ਇਕ ਪਿੰਡ ਨੇ ਦੇਸ਼ ਨੂੰ ਉਲੰਪਿਕ ਖੇਡਾਂ ਦੌਰਾਨ ਭਾਰਤੀ ਦਲ ਦੀ ਅਗਵਾਈ ਕਰਨ ਲਈ ਦੋ ਖਿਡਾਰੀ ਦਿੱਤੇ ਹੋਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮੰਡੇਰ (ਉਲੰਪੀਅਨ) ਨੇ ਦੱਸਿਆ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ, ਟੋਕਿਓ (ਜਾਪਾਨ) ਵਿੱਚ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਦਲ ਦੀ ਅਗਵਾਈ ਕਰਨ ਲਈ ਦੇਸ਼ ਦਾ ਤਿਰੰਗਾ ਝੰਡਾ ਚੁੱਕਣ ਲਈ ਚੁਣਿਆ ਗਿਆ ਹੈ। ਜੋ ਕਿ ਹਾਕੀ ਪੰਜਾਬ, ਸਮੂਹ ਪੰਜਾਬੀਆਂ ਅਤੇ ਸਾਰੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ 1996 ਐਟਲਾਂਟਾ ਉਲੰਪਿਕ ਖੇਡਾਂ ਵਿੱਚ ਉਸ ਸਮੇਂ ਦੇ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਪਰਗਟ ਸਿੰਘ, ਜੋ ਕਿ ਹਾਕੀ ਪੰਜਾਬ ਦੇ ਜਨਰਲ ਸਕੱਤਰ ਵੀ ਹਨ ਅਤੇ ਉਹ ਮਿੱਠਾਪੁਰ ਦੇ ਹੀ ਜੰਮਪਲ ਹਨ, ਨੇ ਵੀ ਭਾਰਤੀ ਉਲੰਪਿਕ ਦਲ ਦੀ ਅਗਵਾਈ ਕਰਦੇ ਹੋਏ ਤਿਰੰਗਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ 1980 ਤੋਂ ਬਾਅਦ ਇਕ ਵਾਰ ਫਿਰ ਇਨ੍ਹਾਂ ਉਲੰਪਿਕ ਖੇਡਾਂ ਵਿੱਚ ਤਮਗਾ ਹਾਸਲ ਕਰਕੇ ਪਰਤੇਗੀ।