ਨਵੀਂ ਦਿੱਲੀ ,ਅਪ੍ਰੈਲ 2021- (ਏਜੰਸੀ )
ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਵਧਦੇ ਮਾਮਲਿਆਂ ਅਤੇ ਆਕਸੀਜਨ ਤੇ ਵੈਂਟੀਲੇਟਰ ਦੀ ਘਾਟ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਰੋਜ਼ ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸ 'ਚ ਵਾਧਾ ਹੋ ਰਿਹਾ ਹੈ ਤੇ ਨਵਾਂ ਰਿਕਾਰਡ ਵੀ ਬਣਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਕਾਰਡ 3 ਲੱਖ 86 ਹਜ਼ਾਰ 854 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ 3,498 ਮੌਤਾਂ ਹੋਈਆਂ ਹਨ। ਜਦੋਂ ਤੋਂ ਕੋਰੋਨਾ ਮਹਾਮਾਰੀ ਫੈਲੀ ਹੈ, ਉਦੋਂ ਤੋਂ ਹੀ ਹੁਣ ਤਕ ਇਕ ਦਿਨ ਵਿਚ ਏਨੇ ਜ਼ਿਆਦਾ ਮਾਮਲੇ ਨਹੀਂ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ 3.79 ਲੱਖ ਮਰੀਜ਼ਾਂ ਦੀ ਪਛਾਣ ਹੋਈ ਸੀ।
ਕੋਰੋਨਾ ਇਨਫੈਕਸ਼ਨ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਤਿੰਨ ਦਿਨਾਂ ਤੋਂ ਲਗਾਤਾਰ 3400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਦੇਸ਼ ਵਿਚ 31 ਲੱਖ 64 ਹਜ਼ਾਰ 825 ਐਕਟਿਵ ਕੇਸ ਹਨ ਤੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਭਾਰਤ ਹੁਣ ਦੁਨੀਆ 'ਚ ਦੂਸਰੇ ਨੰਬਰ 'ਤੇ ਪਹੁੰਚ ਗਿਆ ਹੈ। ਫਿਲਹਾਲ ਅਮਰੀਕਾ 'ਚ ਸਭ ਤੋਂ ਜ਼ਿਆਦਾ 68 ਲੱਖ ਐਕਟਿਵ ਕੇਸ ਹਨ।