ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਵਿਸੇਸ਼ ਤੌਰ ਤੇ ਸ਼ਾਮਲ ਹੋਏ
ਮੀਟਿੰਗ ਦੀ ਸ਼ੁਰੂ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਸੂਰਜੀਤ ਸਿੰਘ ਬਠਿੰਡਾ ਦੇ ਬੇਟੇ ਦੇ ਅਕਾਲ ਚਲਾਣੇ ਅਤੇ ਕਿਸਾਨੀ ਸੰਘਰਸ ਵਿੱਚ 350 ਵੱਧ ਸ਼ਹੀਦ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਡਾ ਸੁਰਜੀਤ ਸਿੰਘ ਬਠਿੰਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮੇਸ਼ਾਂ ਉਨ੍ਹਾਂ ਦੇ ਨਾਲ ਖਡ਼੍ਹੇ ਹਨ ।
ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਕੱਤਰ ਹੋਏ ਡਾ. ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਰੱਬ ਦਾ ਦੂਸਰਾ ਰੂਪ ਹੋ। ਤੁਹਾਨੂੰ ਆਪਣੀ ਪੈ੍ਕਟਿਸ ਸਾਫ਼ ਸੁਥਰੀ ਕਰਨੀ ਚਾਹੀਦੀ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੇ ਸੂਬੇ ਦੀਆਂ ਅਤੇ ਜ਼ਿਲ੍ਹੇ ਦੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਅਤੇ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ।
ਜਥੇਬੰਦੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਡਾ. ਸੁਖਵਿੰਦਰ ਸਿੰਘ ਘਨੌਰ ਨੂੰ ਜੀ ਆਇਆਂ ਕਿਹਾ ਗਿਆ।
ਮੀਟਿੰਗ ਤੋਂ ਬਾਅਦ ਇਕੱਤਰ ਹੋਏ ਡਾ. ਸਾਥੀ ਮਹਿਲ ਕਲਾਂ ਦੇ ਚੋਣਵੇਂ ਪੱਤਰਕਾਰ ਅਵਤਾਰ ਸਿੰਘ ਅਣਖੀ, ਪ੍ਰੀਤਮ ਸਿੰਘ ਦਰਦੀ,ਬਲਵਿੰਦਰ ਸਿੰਘ ਵਜੀਦਕੇ ,ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਏ ।
ਪੱਤਰਕਾਰ ਭਾਈਚਾਰੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਡਾਕਟਰ ਸਾਥੀਆਂ ਵੱਲੋਂ ਕੀਤੀ ਗਈ ਸ਼ਮੂਲੀਅਤ ਦਾ ਕਿਸਾਨ ਆਗੂਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਇਸ ਸੰਘਰਸ਼ ਦਾ ਹਿੱਸਾ ਬਣਨ ਤੇ ਵਿਸੇਸ ਧੰਨਵਾਦ ਕੀਤਾ ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 25 ਸਤੰਬਰ 2020 ਤੋਂ ਸ਼ੁਰੂ ਹੋਏ ਇਸ ਕਿਸਾਨੀ ਸੰਘਰਸ਼ ਵਿਚ ਹਰ ਵਰਗ ਦਾ ਅਹਿਮ ਰੋਲ ਰਿਹਾ ਹੈ, ਜਿਸ ਵਿਚ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਅਤੇ ਪੱਤਰਕਾਰ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਹੈ ।ਪੱਤਰਕਾਰ ਭਾਈਚਾਰੇ ਦੇ ਆਗੂਆਂ,ਮੈਡੀਕਲ ਪ੍ਰੈਕਟੀਸ਼ਨਰ ਦੇ ਆਗੂਆਂ ਅਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਕਾਨੂੰਨਾਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਕਿਹਾ ਕਿ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ,ਪੰਜਾਬ ਸਮੇਤ ਪੂਰੇ ਭਾਰਤ ਦੇਸ਼ ਦੇ ਜੁਝਾਰੂ ਲੋਕ ਇਸ ਜ਼ਾਲਮ ਸਰਕਾਰ ਦੀਆਂ ਆਪ ਹੁਦਰੀਆਂ ਨਹੀਂ ਚੱਲਣ ਦੇਣਗੇ ।
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ ਮਿੱਠੂ ਮੁਹੰਮਦ, ਡਾ ਜਗਜੀਤ ਸਿੰਘ ਕਾਲਸਾਂ,ਡਾ ਸੁਖਵਿੰਦਰ ਸਿੰਘ ਬਾਪਲਾ,ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਡਾ ਸੁਖਪਾਲ ਸਿੰਘ ਛੀਨੀਵਾਲ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ,ਡਾ ਜਸਬੀਰ ਸਿੰਘ ਜੱਸੀ ,ਡਾ ਪ੍ਰਿੰਸ ਰਿਸ਼ੀ,ਡਾ ਸੁਖਵਿੰਦਰ ਸਿੰਘ ਘਨੌਰ,ਡਾ ਨਾਹਰ ਸਿੰਘ,ਡਾ ਬਸ਼ੀਰ ਮੁਹੰਮਦ ਰੂੜੇਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ ।
ਪੱਤਰਕਾਰ ਭਾਈਚਾਰੇ ਵੱਲੋਂ ਪ੍ਰੀਤਮ ਸਿੰਘ ਦਰਦੀ,ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਵਜੀਦਕੇ, ਡਾ ਰਾਜੂ ਗਿੱਲ,ਬਲਜਿੰਦਰ ਸਿੰਘ ਢਿੱਲੋਂ ,ਸੋਨੀ ਮਾਂਗੇਵਾਲ ,ਜਗਸੀਰ ਸਿੰਘ ਸਹਿਜੜਾ, ਜਸਬੀਰ ਸਿੰਘ ਜਗਦੇ,ਰਮਨਦੀਪ ਸਿੰਘ ਧਾਲੀਵਾਲ ,ਜਗਰਾਜ ਮੂੰਮ,ਪਰਦੀਪ ਲੋਹਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।