You are here

"ਲਿਖੇ ਜੋ ਲਿਖਾਰੀ ਸੱਚ" ✍️ ਜਸਵੀਰ ਸ਼ਰਮਾਂ ਦੱਦਾਹੂਰ

ਸਹੀ ਨੂੰ ਜੋ ਸਹੀ ਕਹਿਣ ਵਾਲਾ ਮਾਦਾ ਰੱਖੇ ਦਿਲ ਵਿੱਚ,

ਜੱਗ ਵਿੱਚ ਹੁੰਦੈ ਸਨਮਾਨ ਓਸ ਬੰਦੇ ਦਾ।

ਚੁਗਲੀ ਜੋ ਕਰਨ ਤੋਂ ਕਰਦਾ ਪਰਹੇਜ਼ ਨਹੀਂਓਂ

ਹੁੰਦਾ ਹੈ ਅਕਸਰ ਨੁਕਸਾਨ ਓਸ ਬੰਦੇ ਦਾ।

ਕੌਲੀ ਚੱਟ ਹੁੰਦੈ ਕੋਈ ਕੋਈ ਪਿੰਡਾਂ ਵਿੱਚ,

ਮੁਫ਼ਤ ਦਾ ਚੱਲੇ ਪੀਣ ਖਾਣ ਓਸ ਬੰਦੇ  ਦਾ।

ਦੁੱਖ ਵੇਲੇ ਖੜ੍ਹਦੈ ਜੋ ਹਿੱਕ ਤਾਣ ਕਿਸੇ ਨਾਲ,

ਭੁੱਲੀਏ ਨਾ ਕਦੇ ਵੀ ਅਹਿਸਾਨ ਓਸ ਬੰਦੇ ਦਾ।

ਗਊ ਤੇ ਗ਼ਰੀਬ ਦੀ ਜੋ ਰਾਖੀ ਕਰੇ ਸੱਚੇ ਦਿਲੋਂ,

ਹੁੰਦਾ ਵੱਖਰਾ ਹੀ ਜੱਗ ਉੱਤੇ ਸ਼ਾਨ ਓਸ ਬੰਦੇ ਦਾ।

ਸੱਥ ਵਿੱਚ ਬੈਠ ਜਿਹੜਾ ਮੱਤ ਵਾਲੀ ਗੱਲ ਕਰੇ,

ਸੁੱਟੀਏ ਨਾ ਝੋਲੀ ਪਾਈਏ, ਗਿਆਨ ਓਸ ਬੰਦੇ ਦਾ।

ਪਿੰਡ ਦਾ ਜੋ ਨਾਮ ਚਮਕਾ ਦੇਵੇ ਦੁਨੀਆਂ ਚ,

ਪੰਚਾਇਤ ਵੱਲੋਂ ਹੁੰਦਾ ਫਿਰ ਮਾਣ ਓਸ ਬੰਦੇ ਦਾ।

ਦੱਦਾਹੂਰ ਵਾਲਾ ਕਹੇ ਲਿਖੇ ਜੋ ਲਿਖਾਰੀ ਸੱਚ,

ਹੋ ਜਾਂਦਾ ਪੂਰਾ ਅਰਮਾਨ ਓਸ ਬੰਦੇ ਦਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556