You are here

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! 

ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹੈ।ਮੋਦੀ ਵੀ ਜਿੱਦ ਫੜੀਂ ਬੈਠੈ। ਹਲਾਤ ਵੇਖ ਕੇ ਲੱਗਦੈ ਮਸਲਾ ਜਲਦੀ ਹੱਲ ਨਹੀਂ ਹੋਣਾ। ਇਸ ਲਈ ਇਕੱਲੇ ਧਰਨੇ ਰੈਲੀਆਂ ਤੇ ਨਾਰਿਆਂ ਨਾਲ ਗੱਲ ਨਹੀਂ ਬਣਨੀ। ਦੇਸ਼ ਵਿੱਚੋਂ ਭੁੱਖ ਮਰੀ ਚੁੱਕਣ ਬਦਲੇ ਸਾਨੂੰ ਜਿਹੜੀ ਸਾਬਸ਼ੇ ਦਿੱਤੀ ਜਾ ਰਹੀ ਹੈ ਉਹ ਸਾਨੂੰ ਭੁੱਖੇ ਜ਼ਰੂਰ ਮਾਰੇਗੀ। ਇਸ ਲਈ ਸਾਨੂੰ ਆਪਣੇ ਪੱਲੇ ਬੋਚ ਕੇ ਤੁਰਨਾ ਪਵੇਗਾ । ਮੇਰੀ ਸਲਾਹ ਮੁਤਾਬਿਕ ਜੇਕਰ ਕਿਸਾਨ ਕਣਕ ਝੋਨੇ ਦੀ ਖੇਤੀ ਹੇਠ ਰਕਬਾ ਘਟਾ ਕੇ ਘਰੇ ਵਰਤੋਂ ਵਾਲੀਆਂ ਵਸਤਾਂ ਦੀ ਥੋੜੀ ਥੋੜੀ ਬਿਜਾਈ ਵੀ ਕਰ ਲਵੇ ਤਾਂ ਕਿਸਾਨਾਂ ਦੀ ਆਤਮਨਿਰਭਰਤਾ  ਵੱਧ ਜਾਵੇਗੀ ਅਤੇ ਬੱਚਤ ਵੱਧ ਜਾਵੇਗੀ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇੱਕ ਇੱਕ ਏਕੜ ਰਕਬਾ ਵੀ ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਹੇਠ ਲੈ ਆਉਂਣ ਤਾਂ ਮੋਦੀ ਮਿੱਤਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੱਟ ਸਕਦੇ ਹਨ। ਹਰ ਕਿਸਾਨ ਹਲਦੀ,ਧਨੀਆ, ਸਰੋਂ,ਛੋਲੇ,ਬਾਜਰਾ,ਮੱਕੀ,ਸੌਂਫ,ਪਿਆਜ,ਲਸਣ,

ਮਿਰਚ , ਆਲੂ ,ਪੁਦੀਨਾ ,ਪਪੀਤਾ,ਅਮਰੂਦ, ਕਿੰਨੂੰ, ਕੇਲਾ, ਨਿੰਬੂ,ਤਿਲ, ਸੋਇਆਬੀਨ,ਮੂੰਗਫਲੀ,ਜਵਾਰ,ਮੌਸਮੀ ਸਬਜੀਆਂ,

ਮੇਥੇ,ਕੁਆਰ ,ਗੰਨੇ ਆਦਿ ਦੀ ਲੋੜ ਅਨੁਸਾਰ ਖੇਤੀ ਕਰ ਸਕਦਾ ਹੈ। ਇਹ ਵਸਤਾਂ ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ‘ਤੇ ਤਿਆਰ ਕੀਤੇ ਜਾਂਦੇ ਡੱਬਾਬੰਦ ਬੇਹੇ ਭੋਜਨ ਤੋਂ ਹਜਾਰਾਂ ਗੁਣਾ ਪੌਸਟਿਕ ਹੋਣਗੀਆਂ ਉੱਥੇ ਸਸਤੀਆਂ ਵੀ ਪੈਣਗੀਆਂ। ਅਸੀਂ ਪੰਜਾਬੀ ਦੋ ਫਸਲਾਂ ਕਣਕ ਝੋਨਾ ਬੀਜਦੇ ਹਾਂ ਜਿਸ ਵਿੱਚੋਂ ਝੋਨੇ ਦੀ ਅਸੀਂ ਖਪਤ ਨਹੀਂ ਕਰਦੇ ਪਰ ਬਜ਼ਾਰ ਵਿੱਚੋਂ ਹਰ ਰੋਜ ਸਾਡੇ ਘਰ ਵੀਹ ਕਿਸਮ ਦੇ ਖੇਤੀ ਉਤਪਾਦ ਆਉਂਦੇ ਹਨ। ਸਾਲ ਬਾਅਦ ਦੋ ਫਸਲਾਂ ਵੇਚ ਕੇ ਪੰਜਾਹ ਵਸਤਾਂ ਮੁੱਲ ਖਰੀਦਣ ਵਾਲਾ ਕਿਸਾਨ ਕਦੇ ਵੀ ਆਰਥਿਕ ਤੌਰ ‘ਤੇ ਖੁਸ਼ਹਾਲ ਨਹੀਂ ਬਣ ਸਕਦਾ। ਸੋ ਬੇਨਤੀ ਹੈ ਕਿਸਾਨੀ ਧਰਨਿਆਂ ਦਾ ਸੰਚਾਲਨ ਕਰ ਰਹੀਆਂ ਧਿਰਾਂ ਨੂੰ ਕਿ ਉਹ ਆਪਣੇ ਭਾਸ਼ਣਾਂ ‘ਚ ਪੰਜਾਬੀਆਂ ਦੇ ਆਤਮ ਨਿਰਭਰ ਬਣਨ ਦੇ ਫ਼ਾਰਮੂਲੇ ਵੀ ਜ਼ਰੂਰ ਸਾਂਝੇ ਕਰਨ । ਜੇਕਰ ਅਸੀਂ ਪ੍ਰਤੀ ਪਿੰਡ ਦਸ ਏਕੜ ਰਕਬਾ ਵੀ ਘਰੇਲੂ ਵਰਤੋਂ ਵਾਲੇ ਸਮਾਨ ਦੀ ਉਪਜ ਹੇਠ ਕਰ ਲਿਆ ਤਾਂ ਪੂਰੇ ਪੰਜਾਬ ‘ਚ ਇਹ ਰਕਬਾ ਸਵਾ ਲੱਖ ਏਕੜ ਬਣ ਜਾਵੇਗਾ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਵਿੱਚੋਂ ਸਾਢੇ ਤੇਰਾਂ ਅਰਬ ਰੁਪੈ ਨਿਕਲ ਕੇ ਕਿਸਾਨ ਮਜ਼ਦੂਰਾਂ ਦੀਆਂ ਜੇਬਾਂ ‘ਚ ਆ ਜਾਣਗੇ। ਹੁਣ ਸਹੀ ਵੇਲਾ ਹੈ । ਆਓ ਕਣਕ ਹੇਠ ਰਕਬਾ ਘਟਾਈਏ ਅਤੇ ਪਿੰਡ ਵਿੱਚ ਹੀ ਸਾਡੀਆਂ ਬਹੁਤੀਆਂ ਲੋੜਾਂ ਪੂਰੀਆਂ ਕਰਨ ਵਾਲਾ ਪੁਰਾਣਾ ਵਿਰਾਸਤੀ ਖੇਤੀ ਮਾਡਲ ਅਪਣਾਈਏ। 

ਜੈ ਜਵਾਨ ,ਜੈ ਕਿਸਾਨ,

✍️ ਅਮਨਜੀਤ ਸਿੰਘ ਖਹਿਰਾ