ਲੁਧਿਆਣਾ , ਨਵੰਬਰ 2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)
ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਵਿਖੇ ਪੰਜ ਦਿਨਾ ਦੀਵਾਲੀ ਮੇਲਾ, ਜਿਸ ਨੂੰ ਕਿਰਤੀ ਬਾਜ਼ਾਰ ਵੀ ਕਿਹਾ ਜਾਂਦਾ ਹੈ ਦਾ ਆਯੋਜਨ ਕੀਤਾ ਗਿਆ। ਇਸ ਦਿਵਾਲੀ ਮੇਲੇ ਵਿੱਚ ਸੈਲਫ ਹੈਲਪ ਗਰੁੱਪ ਹੱਥੀਂ ਬਣੀਆ ਵਸਤਾਂ ਵੇਚਣਗੇ।ਦੀਵਾਲੀ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਵਾਲੀ ਮੇਲਾ 13 ਨਵੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਹੱਥੀ ਤਿਆਰ ਕੀਤਾ ਗਿਆ ਸਮਾਨ ਵੇਚਿਆ ਜਾਵੇਗਾ, ਜਿਸ ਵਿੱਚ ਦੀਵੇ, ਮੋਮਬੱਤੀਆਂ, ਕੁੜਤੇ, ਮਾਸਕ, ਸੋਫਟ ਟੋਆਇਜ, ਪੰਜਾਬੀ ਜੁੱਤੀ, ਸ਼ਹਿਦ, ਆਰਗੈਨਿਕ ਦਾਲਾ, ਮਸਾਲੇ, ਉਨ ਦੇ ਬਣੇ ਗਰਮ ਕਪੜੇ, ਖੋਏ ਦੀਆਂ ਪਿੰਨੀਆਂ, ਬੇਸਨ ਦੇ ਲੱਡੂ, ਸਾਗ, ਮੱਕੀ ਦੀ ਰੋਟੀ, ਲੱਸੀ, ਸਮੋਸੇ, ਬਰੈਡ ਪਕੋੜੇ, ਚਾਹ-ਕਾਫੀ ਆਦਿ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀ.ਐਸ.ਐਲ.ਆਰ.ਐਮ. ਸਕੀਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ-1, ਲੁਧਿਆਣਾ-2, ਸਿੱਧਵਾ ਬੇਟ ਅਤੇ ਡੇਹਲੋਂ ਦੇ ਵੱਖ-ਵੱਖ ਪਿੰਡਾਂ ਦੇ 20 ਸਵੈ-ਸਹਾਇਤਾ ਸਮੂਹਾਂ ਵੱਲੋਂ ਸਟਾਲ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਐਲ.ਪੀ. ਸਕੀਮ ਤਹਿਤ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਗਏ ਕਿੱਤਾਮੁਖੀ ਫੰਡਾਂ ਦੀ ਸਹਾਇਤਾ ਨਾਲ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਬਣਾਏ ਗਏ ਦੀਵੇ, ਮੋਮਬੱਤੀਆਂ ਅਤੇ ਸਜਾਵਟੀ ਵਸਤੂਆਂ ਦਾ ਸਟਾਲ ਵੀ ਸਥਾਪਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਕੇਂਦਰ ਦੇ ਸਿਖਿਆਰਥੀਆਂ ਦੁਆਰਾ ਬਣਾਏ ਗਏ ਕੁੜਤੇ, ਮਾਸਕ, ਕੈਪਰੀਆਂ, ਵਾਰਮਰ ਆਦਿ ਦੀ ਪ੍ਰਦਰਸ਼ਨੀ ਵਾਲਾ ਇੱਕ ਸਟਾਲ ਵੀ ਲਗਾਇਆ ਗਿਆ।ਮੇਲੇ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਫੰਡਾਂ ਤਹਿਤ ਟੈਂਟ ਅਤੇ ਕੈਰੀ ਬੈਗ ਵੀ ਮੁਹੱਈਆ ਕਰਵਾਏ ਗਏ।ਇਸ ਮੌਕੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਦੇ ਸਹਾਇਕ ਪ੍ਰੋਜੈਕਟ ਅਫਸਰ(ਐਮ) ਅਵਤਾਰ ਸਿੰਘ, ਮੁੱਖ ਸੇਵਿਕਾ ਇੰਚਾਰਜ ਆਜੀਵਕਾ ਮਿਸ਼ਨ ਸ੍ਰੀਮਤੀ ਬਲਜੀਤ ਕੌਰ, ਜ਼ਿਲ੍ਹਾ ਐਮ.ਆਈ.ਐਸ. ਮਿਸ ਹਰਸ਼ਾ ਸੋਨੀ, ਬੀ.ਪੀ.ਐਮ. ਪਰਗਟ ਸਿੰਘ, ਬੀ.ਪੀ.ਐਮ. ਸ੍ਰੀ ਮਤੀ ਜੈਸਮੀਨ ਕੌਰ, ਕਲਸਟਰ ਕੁਆਰਡੀਨੇਟਰ ਕੁਸ਼ਰਾਜ ਅਤੇ ਤਾਰਿਕ ਬਲਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।