ਕਪੂਰਥਲਾ 2020 ਅਪ੍ਰੈਲ (ਹਰਜੀਤ ਸਿੰਘ ਵਿਰਕ)
ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਨਾਲ ਜੰਗ ਵਿਚ ਜਿਥੇ ਸਮੁੱਚਾ ਜ਼ਿਲਾ ਪ੍ਰਸ਼ਾਸਨ, ਸਿਹਤ ਤੇ ਪੁਲਿਸ ਵਿਭਾਗ ਪੂਰੀ ਤਨਦੇਹੀ ਨਾਲ ਜੁੱਟਿਆ ਹੋਇਆ ਹੈ, ਉਥੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਜਾ ਰਹੀ ਹੈ, ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ, ਜਿਨਾਂ ਵਿਚ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਹੋਰ ਸੰਸਥਾਵਾਂ ਸ਼ਾਮਿਲ ਹਨ, ਵੱਲੋਂ ਜ਼ਿਲਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿਸ਼ਕਾਮ ਸੇਵਾ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲਾਕਡਾੳੂਨ ਦੌਰਾਨ ਇਹ ਸੰਸਥਾਵਾਂ ਜਿਥੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰ ਰਹੀਆਂ ਹਨ ਉਥੇ ਇਨਾਂ ਵੱਲੋਂ 60 ਸਾਲ ਜਾਂ ਇਸ ਤੋਂ ਉੱਪਰ ਦੇ ਵਿਅਕਤੀਆਂ ਨੂੰ ਉਨਾਂ ਦੇ ਘਰਾਂ ਵਿਚ ਹੀ ਡਾਕਟਰੀ ਸਹਾਇਤਾ, ਦਵਾਈਆਂ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਲੋੜੀਂਦਾ ਸਾਮਾਨ ਪਹੰੁਚਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨਾਂ ਵੱਲੋਂ ਤਿਆਰ ਕੀਤਾ ਖਾਣਾ ਵੀ ਘਰੋ-ਘਰੀ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਆਫ਼ਤ ਦੀ ਇਸ ਘੜੀ ਵਿਚ ਕੋਈ ਵੀ ਭੁੱਖਾ ਨਾ ਰਹੇ। ਇਸੇ ਤਰਾਂ ਇਨਾਂ ਸੰਸਥਾਵਾਂ ਵੱਲੋਂ ਨਾਕਿਆਂ ’ਤੇ ਡਿੳੂਟੀ ਕਰ ਰਹੇ ਪੁਲਿਸ ਜਵਾਨਾਂ ਤੱਕ ਵੀ ਲੰਗਰ, ਚਾਹ ਅਤੇ ਪੀਣ ਵਾਲਾ ਪਾਣੀ ਵੀ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੰਸਥਾਵਾਂ ਵੱਲੋਂ ਪੁਲਿਸ ਅਤੇ ਸਿਹਤ ਵਿਭਾਗ ਨੂੰ ਪੀ. ਪੀ. ਈ ਕਿੱਟਾਂ, ਦਸਤਾਨੇ, ਮਾਸਕ ਅਤੇ ਸਿਹਤ ਸੁਰੱਖਿਆ ਸਬੰਧੀ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਹਾਲਾਤ ਵਿਚ ਹਰੇਕ ਲੋੜਵੰਦ ਤੱਕ ਪਹੁੰਚ ਕਰਨ ਤੋਂ ਇਲਾਵਾ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੀ ਇਹ ਸੰਸਥਾਵਾਂ ਜਾਗਰੂਕ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਭਿਆਨਕ ਮਹਾਂਮਾਰੀ ਖਿਲਾਫ਼ ਚੱਲ ਰਹੀ ਜੰਗ ਵਿਚ ਜਲਦ ਹੀ ਜੇਤੂ ਹੋ ਕੇ ਨਿਕਲਾਂਗੇ।