You are here

ਗ੍ਰਹਿ ਮੰਤਰਾਲੇ ਵਲੋਂ ਹੁਕਮ ਜਾਰੀ

(ਫੋਟੋ:-ਗ੍ਰਹਿ ਮੰਤਰਾਲੇ ਵਲੋਂ ਹੁਕਮ ਦੀ ਚਿੱਠੀ)

ਲਾਕਡਾਊਨ 'ਚ ਫਸੇ ਲੋਕ ਹੁਣ ਆਪਣੇ ਘਰ ਪਰਤ ਸਕਣਗੇ, ਹਦਾਇਤਾਂ ਜਾਰੀ

ਨਵੀਂ ਦਿੱਲੀ, ਅਪ੍ਰੈਲ 2020 -(ਏਜੰਸੀ ) - ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਆਦਿ ਦੀ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਸੂਬੇ ਆਪਣੇ ਰਾਜ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ 'ਚ ਭੇਜਣ ਅਤੇ ਦੂਜੀਆਂ ਥਾਵਾਂ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਇਕ ਮਾਨਕ ਪ੍ਰੋਟੋਕਾਲ ਤਿਆਰ ਕਰਨ। ਭਾਵ, ਹੁਣ ਹਰ ਰਾਜ ਦੂਜੇ ਰਾਜਾਂ 'ਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਸਕੇਗਾ ਅਤੇ ਆਪਣੇ ਰਾਜ 'ਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਨੂੰ ਉੱਥੇ ਭੇਜ ਸਕੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਲੋਕ ਕੁਝ ਸ਼ਰਤਾਂ ਨਾਲ ਹੁਣ ਆਪਣੇ ਘਰ ਜਾ ਸਕਣਗੇ। ਇਸ ਲਈ ਰਾਜ ਸਰਕਾਰਾਂ ਉਨ੍ਹਾਂ ਦੀਆਂ ਬੱਸਾਂ ਦਾ ਪ੍ਰਬੰਧ ਕਰਵਾਉਣਗੀਆਂ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਾਜ 'ਚ ਲੋਕਾਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਭੇਜਣ ਲਈ ਨੋਡਲ ਅਥਾਰਟੀ ਅਤੇ ਨਿਯਮ ਬਣਾਉਣ। ਇਹ ਨੋਡਲ ਅਥਾਰਟੀ ਆਪਣੇ ਰਾਜਾਂ 'ਚ ਫਸੇ ਲੋਕਾਂ ਦੀ ਰਜਿਸਟੇਰਸ਼ਨ ਵੀ ਕਰੇਗੀ। ਗ੍ਰਹਿ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਅਨੁਸਾਰ, ਜੇਕਰ ਕਿਸੇ ਰਾਜ 'ਚ ਫਸਿਆ ਕੋਈ ਵਿਅਕਤੀ ਦੂਜੇ ਰਾਜ 'ਚ ਜਾਣਾ ਚਾਹੁੰਦਾ ਹੈ ਤਾਂ ਇਸ ਲਈ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ 'ਚ ਗੱਲਬਾਤ ਕਰਕੇ ਉੱਚਿਤ ਕਦਮ ਚੁੱਕਣ। ਲੋਕਾਂ ਨੂੰ ਸੜਕ ਦੇ ਰਸਤੇ ਲਿਜਾਇਆ ਜਾਵੇ। ਲੋਕਾਂ ਨੂੰ ਭੇਜਣ ਤੋਂ ਪਹਿਲਾਂ ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਜਾਵੇ। ਜੇਕਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਪਾਇਆ ਜਾਂਦਾ ਤਾਂ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ।