You are here

ਬਹਾਮਸ ਵਿੱਚ ‘ਡੋਰੀਅਨ’ ਨੇ ਮਚਾਈ ਤਬਾਹੀ

ਰਿਵੇਰਾ ਬੀਚ, ਸਤੰਬਰ 2019- ਜ਼ਬਰਦਸਤ ਸਮੁੰਦਰੀ ਤੂਫ਼ਾਨ ‘ਡੋਰੀਅਨ’ ਐਤਵਾਰ ਨੂੰ ਬਹਾਮਸ ਵਿਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕੀ ਤੱਟ ਵੱਲ ਵਧ ਰਿਹਾ ਹੈ। ਸਭ ਤੋਂ ਖ਼ਤਰਨਾਕ ਪੰਜਵੀ ਸ਼੍ਰੇਣੀ ਦੇ ਇਸ ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਤੇ ਬਾਰਿਸ਼ ਨਾਲ ਬਹਾਮਸ ਵਿਚ ਹਜ਼ਾਰਾਂ ਘਰ ਨੁਕਸਾਨੇ ਗਏ ਹਨ। ਤਬਾਹੀ ਦੇ ਖ਼ਦਸ਼ਿਆਂ ਕਾਰਨ ਹਜ਼ਾਰਾਂ ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਤੋਂ ਦੂਰ ਜਾਣ ਦੇ ਹੁਕਮ ਦਿੱਤੇ ਗਏ ਹਨ। ਫ਼ਿਲਹਾਲ ਕੈਰੇਬਿਆਈ ਦੀਪ ਸਮੂਹ ’ਤੇ ਤਬਾਹੀ ਦੀ ਤਾਜ਼ਾ ਕੋਈ ਜਾਣਕਾਰੀ ਨਹੀਂ ਮਿਲੀ ਹੈ। ‘ਡੋਰੀਅਨ’ 185 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਹਾਮਸ ਦੇ ਪੱਛਮ ’ਚ ਸਥਿਤ ਅਬਾਕੋ ਦੀਪ ਦੇ ਤੱਟ ਤੋਂ ਅੱਗੇ ਵਧਿਆ ਹੈ। ਕੈਰੇਬਿਆਈ ਤੱਟ ’ਤੇ ਆਇਆ ਇਹ ਸਭ ਤੋਂ ਖ਼ਤਰਨਾਕ ਤੂਫ਼ਾਨ ਹੈ। ਅਮਰੀਕੀ ਰਾਜਾਂ ਫਲੋਰਿਡਾ, ਜਾਰਜੀਆ ਤੇ ਦੱਖਣੀ ਕੈਰੋਲੀਨਾ ਦੇ ਤੱਟੀ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਸੋਮਵਾਰ ਰਾਤ ਜਾਂ ਮੰਗਲਵਾਰ ਨੂੰ ਫਲੋਰਿਡਾ ਤੱਟ ’ਤੇ ਪਹੁੰਚ ਜਾਵੇਗਾ।