ਚੰਡੀਗੜ੍ਹ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ ) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਦੀ ਸਿਆਸਤ ਵਿਚ ਆਪਣੇ ਬਲਬੂਤੇ ਸੱਤਾ ਦਾ ਨਿੱਘ ਮਾਨਣ ਲਈ ਕੱਦਾਵਰ ਆਗੂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਪਾਰਟੀ ਅੰਦਰਲੇ ਸੂਤਰਾਂ ਅਨੁਸਾਰ ਕੇਂਦਰੀ ਆਗੂਆਂ ਨੇ ਪੰਜਾਬ ਦੀ ਸਿਆਸਤ ਵਿਚ ਸਰਗਰਮ ਕਈ ਆਗੂਆਂ ਬਾਰੇ ਵਿਚਾਰ ਚਰਚਾ ਤਾਂ ਕੀਤੀ ਪਰ ਮਾਮਲਾ ਸਿਰੇ ਨਹੀਂ ਲੱਗ ਸਕਿਆ।
ਆਰਐੱਸਐੱਸ ਅਤੇ ਭਾਜਪਾ ਨਾਲ ਗੂੜ੍ਹਾ ਤਾਲਮੇਲ ਰੱਖਣ ਵਾਲੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਨੂੰ ਆਪਣੇ ਦਮ ’ਤੇ ਸੱਤਾ ਤੱਕ ਪਹੁੰਚਾਉਣ ਵਾਲਾ ਕੋਈ ਵੀ ਆਗੂ ਹਾਲ ਦੀ ਘੜੀ ਪਾਰਟੀ ਦੀ ਕਸੌਟੀ ’ਤੇ ਖਰਾ ਨਹੀਂ ਉਤਰਿਆ। ਪੰਜਾਬ ਵਿਚੋਂ ਦਲਿਤ, ਸਿੱਖ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕਈ ਆਗੂਆਂ, ਜਿਨ੍ਹਾਂ ਵਿਚ ਸੇਵਾਮੁਕਤ ਨੌਕਰਸ਼ਾਹ ਵੀ ਸ਼ਾਮਲ ਹਨ ਨੇ ਭਾਜਪਾ ਦਾ ਪੱਲਾ ਤਾਂ ਫੜਿਆ ਪਰ ਇਹ ਆਗੂ ਪਾਰਟੀ ਕੇਂਦਰੀ ਲੀਡਰਸ਼ਿਪ ’ਚ ਆਪਣੀ ਥਾਂ ਨਹੀਂ ਬਣਾ ਸਕੇ। ਪਾਰਟੀ ਅੰਦਰ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੇ ਦੋ ਕੇਂਦਰੀ ਆਗੂਆਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੇ ਅਚਾਨਕ ਵਿਛੋੜੇ ਕਾਰਨ ਪੰਜਾਬ ਵਿਚ ਭਾਜਪਾ ਦੀ ਸਿਆਸਤ ਨੂੰ ਝਟਕਾ ਲੱਗਿਆ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੀ ਲੀਡਰਸ਼ਿਪ ਸਬੰਧੀ ਸਾਰੇ ਫ਼ੈਸਲੇ ਅਰੁਣ ਜੇਤਲੀ ਦੀ ਸਲਾਹ ਨਾਲ ਹੀ ਪਾਰਟੀ ਵੱਲੋਂ ਲਏ ਜਾਂਦੇ ਸਨ ਤੇ ਉਸ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਪੰਜਾਬ ਦੀ ਸਿਆਸਤ ਵਿਚ ਦਿਲਚਸਪੀ ਲੈਂਦੇ ਰਹੇ ਹਨ। ਸ੍ਰੀ ਜੇਤਲੀ ਤੋਂ ਬਾਅਦ ਭਾਜਪਾ ਹਾਈ ਕਮਾਨ ਕੋਲ ਅਜਿਹਾ ਕੋਈ ਨੇਤਾ ਨਹੀਂ ਹੈ, ਜੋ ਪੰਜਾਬ ਦੀ ਸਿਆਸਤ ਨਾਲ ਨੇੜਿਓਂ ਜੁੜਿਆ ਹੋਵੇ। ਇਨ੍ਹਾਂ ਦੋਹਾਂ ਆਗੂਆਂ ਦੇ ਦੇਹਾਂਤ ਮਗਰੋਂ ਪੰਜਾਬ ਦੇ ਸਿਆਸੀ ਮਾਮਲੇ ਵਿਚਾਰਨ ਲਈ ਭਾਜਪਾ ਨਵੀਂ ਵਿਉਂਤਬੰਦੀ ਕਰ ਰਹੀ ਹੈ। ਸੂਤਰਾਂ ਮੁਤਾਬਕ ਆਰਐੱਸਐੱਸ ਦੀ ਵੀ ਇਸ ਸਮੇਂ ਪੰਜਾਬ ਦੇ ਮਾਮਲਿਆਂ ’ਚ ਰੁਚੀ ਵਧ ਗਈ ਹੈ। ਭਾਜਪਾ ਵੱਲੋਂ ਕੇਂਦਰ ਵਿਚ ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਅਤੇ ਪੰਜਾਬ ਦੀਆਂ ਤਿੰਨ ਸੀਟਾਂ ਵਿਚੋਂ ਦੋ ’ਤੇ ਜਿੱਤ ਹਾਸਲ ਕਰਨ ਮਗਰੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਅਤੇ ਕੱਦਾਵਾਰ ਆਗੂ ਨੂੰ ਪਾਰਟੀ ਦੀ ਕਮਾਨ ਸੌਂਪਣ ਦੀ ਰਣਨੀਤੀ ਘੜੀ ਗਈ ਹੈ।
ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਕੱਦਾਵਾਰ ਸਿੱਖ ਆਗੂ ਨੂੰ ਪੰਜਾਬ ’ਚ ਪਾਰਟੀ ਦਾ ਚਿਹਰਾ ਬਣਾਉਣ ਲਈ ਕਈ ਵਾਰ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਇਸ ਰਣਨੀਤੀ ਤਹਿਤ ਪੰਜਾਬ ਨਾਲ ਸਬੰਧਤ ਕਈ ਸਾਬਕਾ ਸੰਸਦ ਮੈਂਬਰਾਂ ਦੇ ਨਾਮ ਵਿਚਾਰੇ ਵੀ ਗਏ ਪਰ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ। ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਸੂਬੇ ਦੀ ਮੌਜੂਦਾ ਲੀਡਰਸ਼ਿਪ ਭਾਜਪਾ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿਚ ਸਿਆਸੀ ਤੌਰ ’ਤੇ ਪੱਕੇ ਪੈਰੀਂ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕੋਈ ਸਿੱਖ ਚਿਹਰਾ ਅੱਗੇ ਲਿਆਉਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਪਾਰਟੀ ਵੱਲੋਂ ਮੈਂਬਰ ਵੀ ਜ਼ੋਰ ਸ਼ੋਰ ਨਾਲ ਭਰਤੀ ਕੀਤੇ ਗਏ ਹਨ ਤੇ ਜਿਨ੍ਹਾਂ ਖੇਤਰਾਂ ਵਿਚ ਭਾਈਵਾਲ ਅਕਾਲੀ ਦਲ ਦਾ ਮਜ਼ਬੂਤ ਆਧਾਰ ਹੈ, ਉੱਥੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅੰਦਰੂਨੀ ਟਕਰਾਅ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਦੇ ਆਧਾਰ ਵਾਲੇ 23 ਵਿਧਾਨ ਸਭਾ ਹਲਕਿਆਂ ਵਿਚ ਮੈਂਬਰਸ਼ਿਪ ਮੁਹਿੰਮ ਨੂੰ ਵਿਸ਼ੇਸ਼ ਤਵੱਜੋਂ ਦਿੰਦਿਆਂ ਸੀਨੀਅਰ ਆਗੂਆਂ ਨੂੰ ਮੋਰਚਾ ਸੰਭਾਲਣ ਲਈ ਕਿਹਾ ਹੈ। ਇਸ ਤਰ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਭਾਈਵਾਲਾਂ ਦਰਮਿਆਨ ਇੱਟ ਖੜੱਕਾ ਵੀ ਹੋ ਸਕਦਾ ਹੈ।
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਰਮਿਆਨ ਸਿਆਸੀ ਸਾਂਝ 1996 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਈ ਸੀ ਤੇ ਦੋਹਾਂ ਪਾਰਟੀਆਂ ਦਰਮਿਆਨ ਕਈ ਮੁੱਦਿਆਂ ’ਤੇ ਮੱਤਭੇਦ ਹੋਣ ਦੇ ਬਾਵਜੂਦ ਇਹ ਗੱਠਜੋੜ ਚੱਲ ਰਿਹਾ ਹੈ। ਸਿਆਸੀ ਗੱਠਜੋੜ ਤਹਿਤ ਭਾਜਪਾ ਪੰਜਾਬ ਦੀਆਂ 117 ਸੀਟਾਂ ਵਿਚੋਂ 23 ਸੀਟਾਂ ’ਤੇ ਚੋਣਾਂ ਲੜਦੀ ਹੈ। ਪਾਰਟੀ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਇਹ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਅਕਾਲੀ ਦਲ ਤੋਂ ਗੱਠਜੋੜ ਤਹਿਤ 23 ਤੋਂ ਵੱਧ ਸੀਟਾਂ ਦੀ ਮੰਗ ਕਰੇਗੀ ਪਰ ਹਾਲ ਦੀ ਘੜੀ ਸਿਆਸੀ ਸਾਂਝ ਤੋੜਨੀ ਸੰਭਵ ਨਹੀਂ ਜਾਪਦੀ। ਇਸ ਸਬੰਧੀ ਭਾਜਪਾ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਵੱਲੋਂ ਜਿਸ ਤਰ੍ਹਾਂ ਕੌਮੀ ਪੱਧਰ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਮੁਹਿੰਮ ਵਿੱਢ ਕੇ ਸਿਆਸੀ ਲਾਹਾ ਲਿਆ ਹੋਇਆ ਹੈ, ਉਸ ਨੂੰ ਦੇਖਦਿਆਂ ਅਕਾਲੀ ਦਲ ਦਾ ਬਦਲ ਲੱਭੇ ਬਿਨਾਂ ਤੋੜ ਵਿਛੋੜਾ ਸੰਭਵ ਨਹੀਂ ਹੈ। ਇਸ ਦਾ ਇਕੋ ਕਾਰਨ ਇਹ ਹੈ ਕਿ ਅਕਾਲੀ ਦਲ ਸਿੱਖ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ।