ਚੰਡੀਗੜ੍ਹ , ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦੇ ਮਨੁੱਖੀ ਪ੍ਰੀਖਣ ਦਾ ਦੂਜਾ ਫੇਜ਼ ਹੁਣ ਤਕ ਸਫ਼ਲ ਰਿਹਾ ਹੈ। ਵੈਕਸੀਨ ਦੇ ਪ੍ਰੀਖਣ 'ਚ ਹੁਣ ਤਕ 149 ਵਲੰਟੀਅਰਜ਼ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਅਜੇ ਤਕ ਵੈਕਸੀਨ ਦੇ ਮਨੁੱਖੀ ਪ੍ਰਰੀਖਣ ਦੇ ਪਹਿਲੇ ਤੇ ਦੂਜੇ ਫੇਜ਼ 'ਚ ਵਲੰਟੀਅਰਜ਼ ਦੇ ਸਰੀਰ 'ਚ ਕੋਈ ਵੱਡਾ ਨੁਕਸਾਨ ਵੇਖਣ ਨੂੰ ਨਹੀਂ ਮਿਲਿਆ ਹੈ। ਪੀਜੀਆਈ ਦੀ ਵਾਇਰੋਲਾਜੀ ਵਿਭਾਗ ਦੀ ਪ੍ਰੋ. ਮਿਨੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ 'ਤੇ ਵੈਕਸੀਨ ਦੀ ਡੋਜ਼ ਤੋਂ ਬਾਅਦ ਹਲਕਾ ਅਸਰ ਜਿਵੇਂ ਬੁਖਾਰ ਦੇ ਲੱਛਣ ਸਾਹਮਣੇ ਆਏ। ਵੈਕਸੀਨ ਦੀ ਦੂਜੀ ਡੋਜ਼ ਦਾ ਪ੍ਰੀਖਣ ਕਰੀਬ ਦੋ ਮਹੀਨੇ ਤਕ ਚੱਲੇਗਾ। ਇਸ ਦਾ ਪੂਰਾ ਪ੍ਰੀਖਣ ਹੋਣ ਤੋਂ ਬਾਅਦ ਸਾਰੇ ਵਲੰਟੀਅਰਜ਼ 'ਚ ਆਏ ਬਦਲਾਅ ਤੇ ਸਰੀਰ ਦੇ ਅੰਦਰੂਨੀ ਹਿੱਸੇ 'ਚ ਕਿਵੇਂ ਦੇ ਬਦਲਾਅ ਹੋਏ, ਇਸ ਬਾਰੇ ਰਿਪੋਰਟ ਤਿਆਰ ਕਰ ਕੇ ਮਨੁੱਖੀ ਸੁਰੱਖਿਆ ਦੇ ਮਾਪਦੰਡਾਂ 'ਤੇ ਪਰਖਿਆ ਜਾਏਗਾ।
ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ 234 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ
ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ ਹੁਣ ਤਕ ਪੀਜੀਆਈ 'ਚ 234 ਲੋਕਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਇਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ। ਜਲਦ ਹੀ ਇਨ੍ਹਾਂ ਲੋਕਾਂ ਨੂੰ ਵੀ ਵੈਕਸੀਨ ਦੇ ਟ੍ਰਾਇਲ 'ਚ ਸ਼ਾਮਲ ਕੀਤਾ ਜਾਵੇਗਾ।
ਸਰਵੇ 'ਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ
ਪ੍ਰੋ. ਮਿਨੀ ਨੇ ਦੱਸਿਆ ਕਿ ਪੀਜੀਆਈ ਦੇ ਸਰਵੇ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੀਜੀਆਈ ਦੇ ਵਾਇਰੋਲਾਜੀ ਵਿਭਾਗ ਨੇ ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਲਈ ਹੁਣ ਤਕ 234 ਵਲੰਟੀਅਰਜ਼ ਦੀ ਸਕ੍ਰੀਨਿੰਗ ਕੀਤੀ ਹੈ। ਇਨ੍ਹਾਂ 'ਚੋਂ ਸਕ੍ਰੀਨਿੰਗ ਦੌਰਾਨ ਹੁਣ ਤਕ ਪੰਜ ਵਲੰਟੀਅਰ ਅਜਿਹੇ ਮਿਲੇ ਹਨ, ਜਿਨ੍ਹਾਂ 'ਚ ਪਹਿਲਾਂ ਹੀ ਐਂਟੀਬਾਡੀ ਬਣੀ ਹੋਈ ਮਿਲੀ। ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਲੰਟੀਅਰਜ਼ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਪਰ ਉਨ੍ਹਾਂ ਨੂੰ ਸੰਕ੍ਰਮਣ ਬਾਰੇ ਪਤਾ ਨਹੀਂ ਲੱਗਾ ਤੇ ਐਂਟੀਬਾਡੀ ਬਣਨ ਕਾਰਨ ਉਹ ਠੀਕ ਹੋ ਗਏ।