You are here

ਅਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਮਾਨਸਾ 'ਚ ਮੋਮਬੱਤੀ ਮਾਰਚ

ਸਮੁੱਚੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ

ਮਾਨਸਾ, ਸਤੰਬਰ 2019- (ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ  )- ਆਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਸਥਾਨਕ ਸ਼ਹਿਰ ਵਿਖੇ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿਚ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਅਨੇਕਾਂ ਮਨੁੱਖੀ ਜਾਨਾਂ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਗਈਆਂ ਹਨ, ਨੂੰ ਸ਼ਰਧਾਂਜਲੀ ਦੇਣ ਲਈ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ 'ਚ ਮਾਰਚ ਕੱਢਣ ਸਮੇਂ ਜਿਥੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣ, ਉਥੇ ਆਮ ਆਦਮੀ ਪਾਰਟੀ ਵਲੋਂ ਸੰਸਦ ਅਤੇ ਪੰਜਾਬ ਵਿਧਾਨ ਸਭਾ 'ਚ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਐਲਾਨ ਕੀਤਾ ਗਿਆ | ਸੰਬੋਧਨ ਕਰਦਿਆਂ 'ਆਪ' ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਪਸ਼ੂਆਂ ਦਾ ਮੁੱਦਾ ਨਸ਼ਿਆਂ ਅਤੇ ਕਿਸਾਨੀ ਆਤਮ ਹੱਤਿਆਵਾਂ ਤੋਂ ਵੀ ਗੰਭੀਰ ਹੋ ਚੁੱਕਾ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਮੁੱਦੇ ਨੂੰ ਆਉਂਦੇ ਸੰਸਦ ਸੈਸ਼ਨ ਵਿਚ ਉਠਾਉਣਗੇ | ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਅਜਿਹੇ ਮੁੱਦੇ ਸੰਸਦ 'ਚ ਉਠਾਏ ਸਨ ਅਤੇ ਆਵਾਰਾ ਡੰਗਰਾਂ ਦੇ ਮਸਲੇ ਨੂੰ ਵੀ ਪਾਰਟੀ ਆਗੂਆਂ ਨਾਲ ਵਿਚਾਰ ਕੇ ਵਿਧਾਨ ਸਭਾ ਤੇ ਲੋਕ ਸਭਾ 'ਚ ਆਵਾਜ਼ ਉਠਾਈ ਜਾਵੇਗੀ | ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਸੀ.ਪੀ.ਆਈ. ਦੇ ਸਾਬਕਾ ਵਿਧਾਇਕ ਕਾ: ਹਰਦੇਵ ਸਿੰਘ ਅਰਸ਼ੀ, ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਆਪਣੇ ਵਿਚਾਰ ਦੱਸੇ | ਇਸ ਮੌਕੇ ਪਿਛਲੇ ਦਿਨੀਂ ਆਵਾਰਾ ਪਸ਼ੂਆਂ ਕਾਰਨ ਹੋਏ ਸੜਕੀ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਸਵਰਗੀ ਨਵਨੀਤ ਸਿੰਘ ਭੁੱਲਰ, ਪਵਨ ਕੁਮਾਰ ਬੌਬੀ ਅਤੇ ਜਗਦੀਸ਼ ਐਮ.ਸੀ. ਚੀਮਾ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਾਮਿਲ ਹੋ ਕੇ ਮਾਰਚ ਦੀ ਅਗਵਾਈ ਕੀਤੀ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮੈਂਬਰ ਮੁਨੀਸ਼ ਬੱਬੀ ਦਾਨੇਵਾਲੀਆ, ਬਲਵਿੰਦਰ ਸਿੰਘ ਕਾਕਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਨਜੀਤ ਸਦਿਓੜਾ, ਪ੍ਰੇਮ ਅਗਰਵਾਲ, ਡਾ. ਜਨਕ ਰਾਜ ਨੇ ਕਿਹਾ ਕਿ ਮਸਲੇ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ |