ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੀਆਂ ਸੜਕਾਂ 'ਤੇ ਵਾਹਨ ਚਲਾਉਣ ਵਾਲੇ ਸਾਵਧਾਨ ਹੋ ਜਾਣ, ਜੇਕਰ ਤੁਹਾਡੇ ਵਾਹਨ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗੀ ਤਾਂ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੁਹਾਡਾ ਚਲਾਨ ਕੱਟ ਸਕਦੇ ਹਨ। ਪਹਿਲੀ ਵਾਰ ਚਲਾਨ ਹੋਣ 'ਤੇ ਦੋ ਹਜ਼ਾਰ ਰੁਪਏ ਜੁਰਮਾਨਾ ਲੱਗੇਗਾ ਅਤੇ ਦੂਸਰੀ ਵਾਰ ਇਹ ਜੁਰਮਾਨਾ ਤਿੰਨ ਹਜ਼ਾਰ ਹੋ ਜਾਵੇਗਾ।
ਟਰਾਂਸਪੋਰਟ ਵਿਭਾਗ ਨੇ 27 ਜੁਲਾਈ ਨੂੰ ਸੂਬੇ 'ਚ ਇਕ ਅਕਤੂਬਰ ਤੋਂ ਹਾਈ ਸਕਿਓਰਿਟੀ ਨੰਬਰ ਪਲੇਟ ਨਾ ਹੋਣ 'ਤੇ ਚਲਾਨ ਕੱਟਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਕੋਵਿਡ ਕਾਲ ਹੋਣ ਕਰ ਕੇ ਪਹਿਲਾਂ ਇਹ ਉਮੀਦ ਪ੍ਰਗਟ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ, ਟਰਾਂਸਪੋਰਟ ਵਿਭਾਗ ਨੰਬਰ ਪਲੇਟ ਲਾਉਣ 'ਚ ਹੋਰ ਛੂਟ ਦੇ ਸਕਦੀ ਹੈ ਪਰ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਕੋਈ ਰਾਹਤ ਨਹੀਂ ਦਿੱਤੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਹੁਣ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਬਿਨਾਂ ਹਾਈ ਸਕਿਓਰਿਟੀ ਪਲੇਟਾਂ ਦੇ ਵਾਹਨਾਂ ਦੇ ਚਲਾਨ ਕੱਟਣ ਦੇ ਪਾਬੰਦ ਹਨ।
ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਕੇ ਸ਼ਿਵਾ ਪ੍ਰਸ਼ਾਦ ਦੇ ਦਸਤਖਤਾਂ ਹੇਠ ਵਿਭਾਗ ਵੱਲੋਂ 27 ਜੁਲਾਈ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ 'ਚ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੋ ਗਿਆ ਹੈ। ਵਾਹਨ 'ਤੇ ਨੰਬਰ ਪਲੇਟ ਨਾ ਲਾਉਣ 'ਤੇ ਪਹਿਲੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ ਅਤੇ ਦੂਜੀ ਵਾਰ ਜੁਰਮਾਨਾ ਹੋਣ 'ਤੇ ਰਾਸ਼ੀ 'ਚ ਇਕ ਹਜ਼ਾਰ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ, ਯਾਨੀ ਦੂਜੀ ਵਾਰ ਤਿੰਨ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਵਿਭਾਗ ਨੇ ਚਲਾਨ ਕੱਟਣ, ਵਾਹਨ ਇੰਪਾਊਂਡ ਕਰਨ ਵਾਲੇ ਟਰਾਂਸਪੋਰਟ ਅਤੇ ਪੁਲਿਸ ਅਧਿਕਾਰੀਆਂ ਦੇ ਅਧਿਕਾਰ ਖੇਤਰ ਬਾਰੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਤੋਂ ਹੇਠਲੇ ਰੈਂਕ ਦਾ ਕੋਈ ਵੀ ਮੁਲਾਜ਼ਮ ਚਲਾਨ ਨਹੀਂ ਕੱਟ ਸਕੇਗਾ। ਜਦੋਂ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵਿਚ ਸਟੇਟ ਟਰਾਂਸਪੋਰਟ ਕਮਿਸ਼ਨਰ, ਵਧੀਕ/ਜੁਆਇੰਟ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ, ਸਹਾਇਕ ਟਰਾਂਸਪੋਰਟ ਅਫ਼ਸਰ ਅਤੇ ਸਬ-ਡਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਚਲਾਨ ਕੱਟਣ ਦੇ ਸਮਰੱਥ ਹੋਣਗੇ।