ਜਗਰਾਓਂ, ਸਤੰਬਰ 2020 (ਰਾਣਾ ਸੇਖਦੌਲਤ/ਮਨਜਿੰਦਰ ਗਿੱਲ )—ਇਥੋਂ ਲਾਗੇ ਪਿੰਡ ਕੋਠੇ ਖੰਜੂਰਾਂ ਵਿਖੇ ਸਕੇ ਭਤੀਜੇ ਨੇ ਆਪਣੇ ਤਾਏ ਦਾ ਬੇ ਰਹਿਮੀ ਨਾਲ ਕਤਲ ਕਰ ਦਿਤਾ। ਘਟਨਾ ਨੂੰ ਅੰਜਾਮ ਦੇ ਕੇ ਉਹ ਖੁਦ ਹੀ ਥਾਣੇ ਜਾ ਪਹੁੰਚਿਆ ਅਤੇ ਆਪਣਾ ਜੁਰਮ ਇਕਬਾਲ ਕੀਤਾ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ( 45 ਸਾਲ ) ਦੀ ਭੈਣ ਸ਼ਿੰਦਰ ਕੌਰ ਦੀ ਅਸਟ੍ਰੇਲੀਆ ਵਿਖੇ ਪਿਛਲੇ ਦਿਨੀ ਮੌਤ ਹੋ ਗਈ ਸ਼ੀ ਜਿਸ ਕਾਰਨ ਗੁਰਦਿਆਲ ਸਿੰਘ ( 83 ਸਾਲ ) ਆਪਣੇ ਛੋਟੇ ਭਰਾ ਹਰਦਿਆਲ ਸਿੰਘ ( ਕਥਿਤ ਦੋਸ਼ੀ ਦੇ ਪਿਤਾ ) ਦੇ ਘਰ ਅਫਸੋਸ ਕਰਨ ਲਈ ਗਿਆ ਸੀ। ਉਥੇ ਪਹਿਲਾਂ ਵੀ ਪਿੰਡ ਦੇ ਕੁਝ ਲੋਕ ਅਫਸੋਸ ਲਈ ਬੈਠੇ ਹੋਏ ਸਨ। ਜਦੋਂ ਹੀ ਉਹ ਸਾਰੇ ਉੱਠ ਕੇ ਗਏ ਤਾਂ ਵਰਿੰਦਰ ਸਿੰਘ ਨੇ ਕੁਲਹਾੜੀ ਨਾਲ ਆਪਣੇ ਤਾਏ ਗੁਰਦਿਆਲ ਸਿੰਘ ਦੇ ਸਿਰ ਅਤੇ ਗਰਦਨ ਤੇ ਵਾਰ ਕਰ ਦਿਤੇ। ਉਸਨੂੰ ਗੰਭੀਰ ਹਾਲਤ ਵਿਚ ਜਗਰਾਓਂ ਦੇ ਪ੍ਰਾਈਵੇਟ ਹਸਪਤਾਲ ਲਿਆਦਾ ਗਿਆ। ਜਿਥੇ ਡਾਕਟਰ ਵਲੋਂ ਉਸਨੂੰ ਲੁਧਿਆਣਾ ਰੈਫਰ ਕਰ ਦਿਤਾ ਪਰ ਰਾਸਤੇ ਵਿਚ ਜਾਂਦੇ ਹੀ ਉਸਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਵਰਿੰਦਰ ਸਿੰਘ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਥਾਣੇ ਜਾ ਪਹੁੰਚਿਆ। ਜਿਥੇ ਪੁਲਿਸ ਵਲੋਂ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਾ ਨਹੀਂ ਇਸਦੀ ਪੁਸ਼ਟੀ ਥਾਣਾ ਸਿਟੀ ਦੇ ਇੰਚਾਰਜ ਵਲੋਂ ਨਹੀਂ ਕੀਤੀ ਗਈ। ਪਿੰਡ ਵਾਲਿਆਂ ਵਲੋਂ ਕਿਹਾ ਗਿਆ ਕਿ ਵਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸੇ ਪ੍ਰੇਸ਼ਾਨੀ 'ਚ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ।ਮਰਨ ਵਾਲਾ ਅਤੇ ਮਾਰਨ ਵਾਲਾ ਦੋਨੋ ਸਮਾਜ ਵਿੱਚ ਵਧੀਆ ਰਸੂਖ ਵਾਲੇ ਇਨਸਾਨ ਸਨ।