ਜਗਰਾਓਂ /ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਜਗਰਾਓਂ ਸਿਵਲ ਹਸਪਤਾਲ 'ਚ ਅੱਜ ਕੋਰੋਨਾ ਵਾਇਰਸ ਨਾਲ ਮੇਲ ਖਾਂਦੇ ਲੱਛਣਾਂ ਨਾਲ ਜੂਝ ਰਹੇ ਇੱਕ ਕੈਨੇਡੀਅਨ ਨੂੰ ਅੱਜ ਜਗਰਾਓਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਲਾ ਵਾਸੀ ਕਰਮਜੀਤ ਸਿੰਘ ਜੋ ਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਤੋਂ ਆਪਣੇ ਪਿੰਡ ਆਏ ਸਨ। ਉਨ੍ਹਾਂ ਨੂੰ ਅੱਜ ਖਾਂਸੀ, ਬੁਖਾਰ ਅਤੇ ਸਾਹ ਦੀ ਤਕਲੀਫ ਦੀ ਸ਼ਿਕਾਇਤ ਲੈ ਕੇ ਆਉਣ 'ਤੇ ਡਾਕਟਰਾਂ ਨੇ ਚੈੱਕਅੱਪ ਉਪਰੰਤ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰ ਲਿਆ ਗਿਆ। ਇਸ ਸਬੰਧੀ ਕੈਨੇਡੀਅਨ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ 5 ਮਹੀਨੇ ਹੋ ਗਏ ਕੈਨੇਡਾ ਤੋਂ ਆਇਆ ਪਰ ਕੁਝ ਦਿਨਾਂ ਤੋਂ ਖਾਂਸੀ, ਬੁਖਾਰ ਕਾਰਨ ਉਹ ਖੁਦ ਹੀ ਆਪਣਾ ਚੈੱਕਅੱਪ ਕਰਵਾਉਣ ਜਗਰਾਓਂ ਸਿਵਲ ਹਸਪਤਾਲ ਆ ਗਏ ਅਤੇ ਡਾਕਟਰਾਂ ਦੀ ਸਲਾਹ 'ਤੇ ਉਹ ਖੁਦ ਹੀ ਇਥੇ ਭਰਤੀ ਹੋਣ ਲਈ ਰਜਾਮੰਦ ਹੋਏ ਹਨ। ਇਸ ਸਬੰਧੀ ਹਸਪਤਾਲ ਦੇ ਐੱਸਐੱਮਓ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਦਾਖਲ ਕੀਤੇ ਮਰੀਜ਼ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ ਪਾਏ ਜਾਣ ਵਾਲੇ ਲੱਛਣ ਮਿਲਣ 'ਤੇ ਉਨ੍ਹਾਂ ਨੂੰ ਫਿਲਹਾਲ ਅਹਿਤੀਆਤ ਲਈ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੇ ਕੱਲ੍ਹ ਆਮ ਟੈਸਟ ਕਰਵਾਏ ਜਾਣਗੇ। ਉਨ੍ਹਾਂ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਅਗਲੀ ਬਣਦੀ ਮੈਡੀਕਲ ਕਾਰਵਾਈ ਅਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਫਿਰ ਸਾਫ ਕੀਤਾ ਕਿ ਦਾਖਲ ਕੀਤੇ ਗਏ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਜਗਰਾਓਂ ਦੇ ਅਗਵਾੜ ਲੋਪੋ ਵਾਸੀ ਆਕਾਸ਼ਦੀਪ ਸਿੰਘ ਵੀ ਹਫਤੇ ਤੋਂ ਖੰਘ, ਜੁਕਾਮ ਅਤੇ ਬੁਖਾਰ ਕਾਰਨ ਜਗਰਾਓਂ ਸਿਵਲ ਹਸਪਤਾਲ ਚੈੱਕਅੱਪ ਲਈ ਪੁੱਜੇ। ਉਹ ਇਸ ਦੌਰਾਨ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਚੈੱਕਅੱਪ ਅਤੇ ਇਲਾਜ ਦੇ ਕੀਤੇ ਗਏ ਪ੍ਰਬੰਧਾਂ ਦੇ ਦਾਅਵਿਆਂ ਤੋਂ ਨਾਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਆਪਣੀ ਤਕਲੀਫ ਲੈ ਕੇ ਓਪੀਡੀ ਵਿਚ ਘੁੰਮ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਦੇਣ ਵਾਲਾ ਕੋਈ ਨਜ਼ਰ ਨਹੀਂ ਆਇਆ। ਇਹ ਮਾਮਲਾ ਐੱਸਐੱਮਓ ਡਾ. ਸੁਰਿੰਦਰ ਸਿੰਘ ਦੇ ਧਿਆਨ ਵਿਚ ਆਉਂਦਿਆਂ ਹੀ ਆਕਾਸ਼ਦੀਪ ਦਾ ਚੈੱਕਅੱਪ ਕੀਤਾ ਅਤੇ ਮੁੱਢਲੀ ਜਾਂਚ ਵਿਚ ਕਿਸੇ ਤਰ੍ਹਾਂ ਦੀ ਕੋਰੋਨਾ ਵਾਇਰਸ ਨਾਲ ਜੁੜੇ ਲੱਛਣ ਨਹੀਂ ਪਾਏ ਜਾਣ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਤਕਲੀਫ ਅਨੁਸਾਰ ਦਵਾਈ ਦੇ ਕੇ ਅਹਿਤੀਆਤ ਰੱਖਣ ਲਈ ਨਿਰਦੇਸ਼ ਦਿੰਦਿਆਂ ਘਰ ਭੇਜ ਦਿੱਤਾ ਗਿਆ।