ਡਿਪਟੀ ਕਮਿਸ਼ਨਰ ਵੱਲੋਂ ਸਮੂਹ ਭਾਗੀਦਾਰਾਂ ਨੂੰ ਮੁਬਾਰਕਬਾਦ
ਲੁਧਿਆਣਾ, 21 ਅਪ੍ਰੈਲ ( ਰਣਜੀਤ ਸਿੰਘ ਸਿੱਧਵਾਂ ) - ਜ਼ਿਲ੍ਹਾ ਲੁਧਿਆਣਾ ਨੇ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਸੇਵਾਵਾਂ ਅਤੇ ਜਨਤਕ ਵਸਤਾਂ ਦੀ ਸਪਲਾਈ ਵਿੱਚ ਸੁਧਾਰ, ਸਮਾਜਿਕ-ਆਰਥਿਕ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਅਤੇ ਬਾਲ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਲਈ ਐਲਾਨੇ ਗਏ 3 'ਰਾਸ਼ਟਰੀ ਪੰਚਾਇਤ ਪੁਰਸਕਾਰ-2022' ਜਿੱਤਣ ਦਾ ਮਾਣ ਹਾਸਲ ਕੀਤਾ ਹੈ।
ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ (ਡੀ.ਡੀ.ਯੂ.ਪੀ.ਐਸ.ਪੀ.) ਤਹਿਤ ਬਲਾਕ ਮਾਛੀਵਾੜਾ ਅਤੇ ਪਿੰਡ ਰੋਹਲੇ ਦੀ ਗ੍ਰਾਮ ਪੰਚਾਇਤ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ, ਜਦਕਿ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ (ਐਨ.ਆਰ.ਜੀ.ਜੀ.ਐਸ.ਪੀ.) ਪਿੰਡ ਚਹਿਲਾਂ ਦੀ ਗ੍ਰਾਮ ਪੰਚਾਇਤ ਨੂੰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਵਿਸ਼ੇਸ਼ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਅਧਿਕਾਰੀਆਂ ਅਤੇ ਸਮੂਹ ਭਾਗੀਦਾਰਾਂ ਨੂੰ ਇਹਨਾਂ ਰਾਸ਼ਟਰੀ ਪੁਰਸਕਾਰਾਂ ਨੂੰ ਜਿੱਤਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ ਅਧਿਕਾਰੀਆਂ ਅਤੇ ਸਾਰੇ ਭਾਗੀਦਾਰਾਂ ਵੱਲੋਂ ਕੀਤੀ ਗਈ ਸਾਂਝੇ ਤੌਰ 'ਤੇ ਮਿਹਨਤ ਅਤੇ ਚੰਗੇ ਤਾਲਮੇਲ ਸਦਕਾ ਹੀ ਸਾਕਾਰ ਹੋਇਆ ਹੈ।
ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ 24 ਅਪ੍ਰੈਲ, 2022 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਗ੍ਰਾਮ ਪੰਚਾਇਤ ਪਾਲੀ ਵਿਖੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਗ੍ਰਾਮ ਪੰਚਾਇਤਾਂ ਵੈੱਬ ਕਾਸਟਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ ਅਤੇ ਇੱਥੋਂ ਇਨਾਮ ਵੀ ਆਨਲਾਈਨ ਮਾਧਿਅਮ ਰਾਹੀਂ ਵੰਡੇ ਜਾਣਗੇ।