You are here

ਪਿੰਡ ਦੀਵਾਨਾ ਦੇ ਸਰਪੰਚ ਦੀ ਕੁੱਟਮਾਰ ਕਰਨ ਤੇ ਕਈ ਵਿਅਕਤੀਆਂ ਤੇ ਪਰਚਾ ਦਰਜ।

ਮਹਿਲਾ ਕਲਾਂ/ ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਥਾਣਾ ਟੱਲੇਵਾਲ ਦੇ ਪਿੰਡ ਦੀਵਾਨਾ ਦੇ ਸਰਪੰਚ ਰਣਧੀਰ ਸਿੰਘ ਦੀ ਚਾਰ ਪੰਜ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਥਾਣਾ ਟੱਲੇਵਾਲ ਦੇ ਇੰਚਾਰਜ ਮੈਡਮ ਅਮਨਦੀਪ ਕੌਰ ਅਤੇ ਥਾਣੇਦਾਰ ਰਣ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਪੰਚ ਰਣਧੀਰ ਸਿੰਘ ਪੁੱਤਰ ਮੇਜਰ ਸਿੰਘ ਜੋ ਕਿ ਤਪਾ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਦਾਖਲ ਹਨ ਨੇ ਬਿਆਨ ਦਰਜ ਕਰਵਾਏ ਹਨ ਕਿ ਪਿੰਡ ਦੇ ਨਾਲ ਹੀ ਗਰਾਊਂਡ ਬਣਿਆ ਹੋਇਆ ਹੈ। ਅਕਸਰ ਹੀ ਨੌਜਵਾਨ ਖੇਡਦੇ ਹਨ ਅਤੇ ਪਿੰਡ ਦੇ ਬੱਚੇ ਔਰਤਾਂ ਵੀ ਸੈਰ ਕਰਨ ਆਉਂਦੇ ਹਨ ਉਨ੍ਹਾਂ ਦੱਸਿਆ ਹੈ ਕਿ ਰਾਤ ਨੌਂ ਵਜੇ ਗਰਾਉਂਡ ਨੂੰ ਜਿੰਦਰਾ ਲਗਾ ਰਹੇ ਸੀ ਤਾਂ ਰਮਨਦੀਪ ਸਿੰਘ,ਕੁਲਦੀਪ ਸਿੰਘ,ਹਰਦੀਪ ਸਿੰਘ, ਜਗਸੀਰ ਸਿੰਘ ਕੋਲ ਗੰਡਾਸੀਆਂ ਅਤੇ ਡੰਡੇ ਸਨ ਉਨ੍ਹਾਂ ਸਾਨੂੰ ਕਿਹਾ ਕਿ ਗਰਾਊਂਡ ਦਾ ਗੇਟ ਖੋਲ੍ਹੋ ਅਸੀਂ ਖੇਡਣਾ ਹੈ ਤਾਂ ਟੈਮ ਜ਼ਿਆਦਾ ਹੋਣ ਕਾਰਨ ਮਨ੍ਹਾ ਕਰ ਦਿੱਤਾ ਅਤੇ ਇਸ ਕਰਕੇ ਉਕਤ ਵਿਅਕਤੀਆਂ ਨੇ ਮੇਰੇ ਤੇ ਗੰਡਾਸੀ ਨਾਲ ਵਾਰ ਕੀਤਾ ਅਤੇ ਰੋੜੇ ਵੀ ਮਾਰੇ ਤਾਂ ਰੌਲਾ ਪੈਣ ਤੇ ਸੁਖਵਿੰਦਰ ਸਿੰਘ,ਗੁਰਤੇਜ ਸਿੰਘ ਅਤੇ ਸੁਖਪਾਲ ਸਿੰਘ ਮੈਨੂੰ ਛੁਡਾਉਣ ਲਈ ਅੱਗੇ ਆਏ ਅਤੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਮੇਰੇ ਭਤੀਜਾ ਸੁਖਦੀਪ ਸਿੰਘ ਪੁੱਤਰ ਬਹਾਦਰ ਸਿੰਘ ਨੇ ਆ ਕੇ ਮੇਰੀ ਜਾਨ ਬਚਾਈ ਅਤੇ ਨੌਜਵਾਨ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਬਿਆਨ ਤੇ ਰਮਨਦੀਪ ਸਿੰਘ, ਕੁਲਦੀਪ ਸਿੰਘ,ਹਰਦੀਪ ਸਿੰਘ, ਜਗਸੀਰ ਸਿੰਘ ਵਾਸੀ ਦੀਵਾਨਾ ਤੇ ਮੁਕੱਦਮਾ ਦਰਜ ਕਰ ਲਿਆ ਹੈ। ਮੁਲਾਜ਼ਮਾਂ ਨੇ ਦੱਸਿਆ ਹੈ ਕਿ ਦੂਜੀ ਧਿਰ ਦੇ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਜੋ ਚੱਨਣਵਾਲ ਦਾਖਲ ਹੈ ਦੇ ਬਿਆਨ ਦਰਜ ਕਰ ਲਏ ਹਨ।