ਚੰਡੀਗੜ, ਸਤੰਬਰ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)
ਪ੍ਰਧਾਨ ਮੰਤਰੀ ਨੂੰ ਚਾਰ ਸਿਫ਼ਆਂ ਦੇ ਦਿੱਤੇ ਅਸਤੀਫ਼ੇ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਿਸੇ ਵੀ ਫੈਸਲੇ ਵਿਚ ਅਕਾਲੀ ਦਲ ਭਾਈਵਾਲ ਨਹੀਂ ਬਣ ਸਕਦਾ। ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ਕਿ ਮੇਰਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ , ਸ਼ਾਨਾ-ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਲੜਾਈ ਵਿਚ ਕਿਸੇ ਵੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹੀ ਹਟੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫ਼ੇ ਵਿਚ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਗੱਲ 'ਤੇ ਮਾਣ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ 'ਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਲਿਖਿਆ ਕਿ ਮੈਨੂੰ ਇਸ ਗੱਲ 'ਤੇ ਵੀ ਬਹੁਤ ਮਾਣ ਹੈ ਕਿ ਸਾਡੇ ਕਿਸਾਨ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ 'ਤੇ ਹੀ ਰੱਖਦੇ ਆਏ ਹਨ ਅਤੇ ਪਾਰਟੀ ਨੇ ਉਨ੍ਹਾਂ ਦੀਆਂ ਇਨ੍ਹਾਂ ਉਮੀਦਾਂ 'ਤੇ ਹਮੇਸ਼ਾ ਪੂਰੀ ਉਤਰੀ ਹੈ। ਜੋ ਕੁਝ ਮਰਜ਼ੀ ਹੋ ਜਾਏ , ਅਸੀਂ ਪਾਰਟੀ ਦੀ ਇਸ ਵਿਰਾਸਤ ਨੂੰ ਅਤੇ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪੁੱਜਣ ਦਿਆਂਗੇ। ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਭਰੋਸਾ ਸਾਡੇ ਲਈ ਬੇਹੱਦ ਪਵਿੱਤਰ ਹੈ।