ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,
ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ।
ਜਦੋਂ ਜੰਮੀ ਤਾਂ ਕਹਿ ਕੇ ਪੱਥਰ ਬੁਲਾਇਆ,
ਰੋਂਦੀ ਨੂੰ ਚੁੱਕ, ਕਿਸੇ ਸੀਨੇ ਨਾਂ ਲਾਇਆ।
ਨਾਂ ਪੜ੍ਹਨੋਂ ਹਟਾਈ ਗ਼ਰੀਬੀ ਦੇ ਕਰਕੇ,
ਰੰਗੋਂ ਸੁਨੱਖੀ ਇਸੇ ਗੱਲੋਂ ਡਰਕੇ।
ਫੁੱਲ ਜਦ ਆਪਣੀ ਮਹਿਕ ਨਾਲ ਮਹਿਕੇ,
ਪਾਪੀ ਭੌਰਾ ਆ ਫਿਰ ਟਹਿਕੇ।
ਸਭ ਭੁੱਲੀ ਤੂੰ ਖੇਡਾਂ, ਗੁੱਡੀਆਂ-ਪਟੋਲੇ,
ਸਾਹਮਣੇ ਹੱਸੀ, ਰੋਈ ਹੋ ਓਹਲੇ।
ਮਨਚੱਲੇਆਂ ਦਾ ਰੋਜ਼ ਹੀ ਰਾਹਾਂ 'ਚ ਆਉਣਾ,
ਮਾਰ ਕੇ ਸੀਟੀ ਤੈਨੂੰ ਬੁਲਾਉਣਾ।
ਕੀਤੀ ਜੇ ਨਾਂਹ ਤੇਜ਼ਾਬਾਂ ਦੇ ਹਮਲੇ,
ਹਾਂ ਦਾ ਹੁੰਗਾਰਾ ਤਾਂ ਰੋਲਤੇ ਸ਼ਮਲੇ।
ਤੂੰ ਕੱਲੀ ਨੀ ਦੁੱਖੀ, ਦੁੱਖੀ ਸਭ ਨਾਰਾਂ ਨੇ,
ਘੇਰੀ ਆ ਹਿਰਨੀ ਸ਼ੇਰਾਂ ਹਜ਼ਾਰਾਂ ਨੇ।
ਹਿੰਮਤ ਨਾ ਹਾਰੀਂ ਤੂੰ ਦੁਰਗਾ, ਤੂੰ ਕਾਲੀ ਏ,
ਫੁੱਲ ਰੂਪੀ ਸੰਸਾਰ ਦੀ ਤੂੰ ਹੀ ਤੇ ਮਾਲੀ ਏ।
ਇਹ ਕੁੜੀਆਂ ਨੇ ਕੁੜੀਆਂ,
ਨਾ ਚਿੜੀਆਂ ਦੀਆਂ ਡਾਰਾਂ ਨੇ।
ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,
ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ।
ਹਰਪ੍ਰੀਤ ਸਿੰਘ ਅਖਾੜਾ
ਮੋ. 85286-64887