ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅਕਾਲੀ ਵਰਕਰਾਂ ਤੇ ਕਿਸਾਨਾਂ ਖ਼ਿਲਾਫ਼ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਵਿਚਾਰ ਤੇ ਮੰਗਾਂ 'ਚ ਕੁਝ ਵੀ ਗ਼ੈਰ ਸੰਵਿਧਾਨਕ ਜਾਂ ਗ਼ਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਤੇ ਜਮਹੂਰੀ ਤਰੀਕੇ ਨਾਲ ਆਪਣੀ ਗੱਲ ਕਹਿਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇ ਉਹ ਰਾਜਪਾਲ ਹੁੰਦੇ ਤਾਂ ਉਹ ਨੰਗੇ ਪੈਰ ਤੁਰ ਕੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਿਲਦੇ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ 'ਤੇ ਟਕਰਾਅ ਦੀ ਬਜਾਏ ਆਮ ਸਹਿਮਤੀ ਅਤੇ ਸਹਿਯੋਗ ਦੀ ਨੀਤੀ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ 'ਤੇ ਅੰਦਰੂਨੀ ਵਿਰੋਧਾਂ ਕਾਰਨ ਦੇਸ਼ ਦਾ ਅਕਸ ਦਾਗ਼ਦਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਅਕਾਲੀ ਦਲ ਦੇ ਸੱਦੇ 'ਤੇ ਕੀਤੀ ਗਈ ਕਿਸਾਨ ਰੈਲੀ ਦੀ ਸਫਲਤਾ ਸੰਕਟਗ੍ਸਤ ਕਿਸਾਨਾਂ ਦੀ ਹਮਾਇਤ 'ਚ ਉੱਭਰੀ ਅਕਾਲੀ ਲਹਿਰ ਦੀ ਝਲਕ ਸੀ ਤੇ ਇਸ 'ਚ ਪੰਥਕ ਲਹਿਰ ਵੀ ਨਜ਼ਰ ਆ ਰਹੀ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਕੋਈ ਵੀ ਟਕਰਾਅ ਜੇ ਹਿੰਸਕ ਹੋ ਜਾਵੇ ਤਾਂ ਇਹ ਦੇਸ਼ ਲਈ ਖ਼ਤਰਨਾਕ ਤੇ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ਟਕਰਾਅ ਸਾਡੀ ਅਨੇਕਤਾ 'ਚ ਏਕਤਾ ਵਾਲੇ ਸਿਧਾਂਤ ਨੂੰ ਵੀ ਖ਼ਤਰੇ 'ਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਵਿਭਿੰਨਤਾ ਦੇ ਨਾਲ-ਨਾਲ ਹਰ ਉਸ ਇਨਸਾਨ ਦੀ ਰੱਖਿਆ ਹੋਣੀ ਚਾਹੀਦੀ ਹੈ, ਜੋ ਰਾਸ਼ਟਰ ਨਿਰਮਾਣ 'ਚ ਆਪਣਾ ਯੋਗਦਾਨ ਦੇ ਰਿਹਾ ਹੈ।